ਚੰਡੀਗੜ੍ਹ: ਪਾਕਿਸਤਾਨ ਵਿੱਚ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਨੀਂਹ ਪੱਥਰ ਰੱਖਿਆ ਜਾਏਗਾ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੈਬਨਿਟ ਮੰਤਰੀ ਤੇ ਆਪਣੇ ਮਿੱਤਰ ਨਵਜੋਤ ਸਿੰਘ ਸਿੱਧੂ ਨੂੰ ਫੋਨ ਕਰਕੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਹੁਣ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਧਿਕਾਰਿਤ ਤੌਰ ’ਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।


ਇਹ ਵੀ ਪੜ੍ਹੋ- ਪਾਕਿਸਤਾਨ ਜਲਦ ਰੱਖੇਗਾ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਉਹ ਭਾਰਤੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲਾਂਘੇ ਦੇ ਨੀਂਹ ਪੱਥਰ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਨ।



ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਤਾਰਪੁਰ ਸਾਹਿਬ ਵਿਖੇ 28 ਨਵੰਬਰ ਨੂੰ ਟੱਕ ਲਾ ਕੇ ਗਲਿਆਰੇ ਦੀ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰਨਗੇ ਤੇ ਭਾਰਤ ਦੇ ਰਾਸ਼ਟਰਪਤੀ 26 ਨਵੰਬਰ ਡੇਰਾ ਬਾਬਾ ਨਾਨਕ ਤੋਂ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ। ਹਾਲਾਂਕਿ ਪੰਜਾਬ ਕਾਂਗਰਸ ਪ੍ਰਧਾਨ ਸੁਨਾਲ ਜਾਖੜ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਰਾਸ਼ਟਰਪਤੀ ਦੀ ਸ਼ਮੂਲੀਅਤ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਉਹ ਨਾ ਆ ਸਕੇ ਤਾਂ ਭਾਰਤ ਦੇ ਉਪ ਰਾਸ਼ਟਰਪਤੀ ਤੇ ਮੁੱਖ ਮੰਤਰੀ ਕੈਪਟਨ ਲਾਂਘੇ ਦਾ ਨੀਂਹ ਪੱਥਰ ਰੱਖਣਗੇ।

ਇਹ ਵੀ ਪੜ੍ਹੋ- ਸਿੱਧੂ ਨੇ ਕਬੂਲਿਆ ਪਾਕਿਸਤਾਨ ਦਾ ਸੱਦਾ, ਕਰਤਾਰਪੁਰ ਲਾਂਘੇ 'ਤੇ ਮੁੜ ਪੈਣਗੀਆਂ ਜੱਫੀਆਂ

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰੇ ਤੋਂ ਲੈ ਕੇ ਕੌਮਾਂਤਰੀ ਸਰਹੱਦ ਤਕ ਢਾਈ ਕੁ ਕਿਲੋਮੀਟਰ ਤਕ ਗਲਿਆਰੇ ਦੀ ਉਸਾਰੀ ਕੀਤੀ ਜਾਣੀ ਹੈ। ਸਿੱਧੂ ਨੇ ਵੀ ਇਮਰਾਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਹਾਲਾਂਕਿ ਸਿੱਧੂ ਨੇ ਪਾਕਿਸਤਾਨ ਜਾਣ ਲਈ ਹਾਮੀ ਭਰ ਦਿੱਤੀ ਸੀ ਪਰ ਹੁਣ ਵਿਦੇਸ਼ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਪਾਕਿਸਤਾਨ ਜਾਣਗੇ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।