ਚੰਡੀਗੜ੍ਹ: ਫਰਾਂਸ ਦੇ ਭ੍ਰਿਸ਼ਟਾਚਾਰ ਵਿਰੋਧੀ ਐਨਜੀਓ ਨੇ ਫਰਾਂਸੀਸੀ ਰਾਸ਼ਟਰੀ ਵਿੱਤੀ ਪ੍ਰੌਸੀਕਿਊਟਰ (National Financial Prosecutor) ਦੇ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਸਤੰਬਰ 2016 ਵਿੱਚ ਭਾਰਤ ਤੇ ਫਰਾਂਸ ਵਿਚਾਲੇ ਹੋਏ 59 ਹਜ਼ਾਰ ਕਰੋੜ ਰੁਪਏ ਦੇ ਰਾਫੇਲ ਸੌਦੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਿਕਾਇਤ ਵਿੱਚ ਰਾਫੇਲ ਲੜਾਕੂ ਜਹਾਜ਼ ਦੇ ਨਿਰਮਾਤਾ ਦਸਾਲਟ ਐਵੀਏਸ਼ਨ ਵੱਲੋਂ ਭ੍ਰਿਸ਼ਟਾਚਾਰ, ਫਾਇਦੇ ਤੇ ਮਨੀ ਲਾਂਡਰਿੰਗ ਦੇ ਕੇਸ ਦੀ ਜਾਂਚ ਲਈ ਬੇਨਤੀ ਕੀਤੀ ਗਈ ਹੈ।

ਇਹ ਸ਼ਿਕਾਇਤ ਗੈਰ ਸਰਕਾਰੀ ਸੰਗਠਨ ਸ਼ੇਰਪਾ ਵੱਲੋਂ ਦਾਇਰ ਕੀਤੀ ਗਈ ਹੈ ਜੋ ਗੈਰਕਾਨੂੰਨੀ ਵਿੱਤੀ ਪ੍ਰਵਾਹ, ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ ਤੇ ਟੈਕਸ ਚੋਰੀ ਵਰਗੇ ਮਾਮਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ। ਸ਼ਿਕਾਇਤ ਅਕਤੂਬਰ ਦੇ ਅਖ਼ੀਰ ਵਿੱਚ ਦਰਜ ਕੀਤੀ ਗਈ ਸੀ ਜਿਸ ਵਿੱਚ ਪ੍ਰਸਥਿਤੀਆਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ।

ਯਾਦ ਰਹੇ ਕਿ ਇਸ ਡੀਲ ਦੇ ਤਹਿਤ ਦਸਾਲਟ ਵੱਲੋਂ ਤਿਆਰ 36 ਲੜਾਕੂ ਜਹਾਜ਼ ਭਾਰਤ ਨੂੰ ਵੇਚੇ ਜਾਣੇ ਹਨ। ਇਸ ਮਾਮਲੇ ਵਿੱਚ ਸ਼ੇਰਪਾ ਨੇ ਦਸਾਲਟ ਦੀ ਪਸੰਦ ਦੀ ਜਾਂਚ ਦੀ ਵੀ ਮੰਗ ਕੀਤੀ ਹੈ ਕਿਉਂਕਿ ਉਸ ਵੱਲੋਂ ਚੁਣੇ ਭਾਰਤੀ ਔਫਸੈੱਟ ਪਾਰਟਨਰ ਅਨਿਲ ਅੰਬਾਨੀ ਦੇ ਰਿਲਾਇੰਸ ਸਮੂਹ ਨੂੰ ਲੜਾਕੂ ਜਹਾਜ਼ ਬਣਾਉਣ ਵਿੱਚ ਕੋਈ ਤਜਰਬਾ ਨਹੀਂ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2016 ਵਿੱਚ ਪ੍ਰੌਸੀਕਿਊਟਰ ਦੇ ਦਫ਼ਤਰ ਨੇ ਫਰਾਂਸ ਵੱਲੋਂ ਬ੍ਰਾਜ਼ੀਲ ਨੂੰ ਸਕਾਰਪੇਨੇ ਪਣਡੁੱਬੀਆਂ ਦੀ ਵਿਕਰੀ ਵਿੱਚ ਜਾਂਚ ਸ਼ੁਰੂ ਕੀਤੀ ਸੀ। ਉਸ ਸਮੇਂ ਜਦੋਂ ਨਿਕੋਲਸ ਸਰਕੋਜ਼ੀ ਫਰਾਂਸੀਸੀ ਰਾਸ਼ਟਰਪਤੀ ਸਨ ਤਾਂ ਇਸ ਸੌਦੇ ’ਤੇ ਹਸਤਾਖ਼ਰ ਕੀਤੇ ਗਏ ਸੀ। ਜਨਵਰੀ 2017 ਵਿੱਚ ਇਸ ਨੂੰ ਸੀਨੇਟਰ ਸਰਜ ਦਸਾਲਟ ਨੂੰ ਇਸ ਮਾਮਲੇ ਵਿੱਚ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਉੱਤੇ ਮਨੀ ਲਾਂਡਰਿੰਗ ਤੇ ਟੈਕਸ ਧੋਖਾਧੜੀ ਦਾ ਇਲਜ਼ਾਮ ਲਾਇਆ ਗਿਆ ਸੀ।