ਵਾਸ਼ਿੰਗਟਨ: ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨੇ ਕਿਹਾ ਹੈ ਕਿ ਜਲਦੀ ਹੀ ਦੁਨੀਆ ਭਰ ਵਿੱਚ ਬਣੇ ਭਾਰਤੀ ਸਫ਼ਾਰਤਖ਼ਾਨੇ (ਅੰਬੈਸੀਆਂ) ਵਿਦੇਸ਼ਾਂ ਵਿੱਚ ਰਹਿ ਰਹੇ ਨਾਗਰਿਕਾਂ ਨੂੰ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪਾਸਪੋਰਟ ਜਾਰੀ ਕਰਨਗੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ’ਚ ਸਭ ਤੋਂ ਬਿਹਤਰ ਪਾਸਪੋਰਟ ਸੇਵਾ ਮੁਹੱਈਆ ਕਰਵਾਈ ਜਾਏਗੀ।
ਵਾਸ਼ਿੰਗਟਨ ਵਿੱਚ ਸ਼ਨੀਵਾਰ ਨੂੰ ਭਾਰਤੀ ਅੰਬੈਸੀ ਵਿੱਚ ‘ਪਾਸਪੋਰਟ ਸੇਵਾ’ ਸ਼ੁਰੂ ਕਰਨ ਬਾਅਦ ਸੰਬੋਧਨ ਕਰਦਿਆਂ ਵੀਕੇ ਸਿੰਘ ਨੇ ਕਿਹਾ ਕਿ ਭਾਰਤੀ ਮਿਸ਼ਨਾਂ ਵਿੱਚ ਸਥਿਤ ਪਾਸਪੋਰਟ ਦਫ਼ਤਰਾਂ ਨੂੰ ਡਿਜੀਟਲ ਤਰੀਕੇ ਨਾਲ ਭਾਰਤ ਵਿੱਚ ਬਣੇ ਡੇਟਾ ਸੈਂਟਰਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਏਗੀ।
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਨਿਊਯਾਰਕ ’ਚ ਭਾਰਤੀ ਮਿਸ਼ਨ ਨੇ 48 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪਾਸਪੋਰਟ ਜਾਰੀ ਕੀਤੇ। ਵੀਕੇ ਸਿੰਘ ਨੇ ਦੱਸਿਆ ਕਿ ਹੁਣ ਪੂਰੀ ਦੁਨੀਆ ਵਿੱਚ ਹੀ ਇਸੇ ਤਰਜ ’ਤੇ ਕੰਮ ਕੀਤਾ ਜਾਏਗਾ। ਭਾਰਤ ਨੂੰ ਬਿਹਤਰ ਪਾਸਪੋਰਟ ਸੇਵਾ ਦੇਣ ਵਾਲਾ ਦੇਸ਼ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਪਾਸਪੋਰਟ ਅਰਜ਼ੀਆਂ ਤੇ ਦਸਤਾਵੇਜ਼ਾਂਦੀ ਜਾਂਚ ਨਾਲ ਸਬੰਧਤ ਨਿਯਮਾਂ ਵਿੱਚ ਫੇਰਬਦਲ ਕੀਤੇ ਗਏ ਹਨ। ਅਰਜ਼ੀਆਂ ਦੀ ਜਾਣਕਾਰੀ ਦਾ ਡਿਜੀਟਲੀਕਰਨ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬ੍ਰਿਟੇਨ ਵਿੱਚ ‘ਪਾਸਪੋਰਟ ਸੇਵਾ’ ਦੀ ਸ਼ੁਰੂਆਤ ਕੀਤੀ ਗਈ ਸੀ। ਅਮਰੀਕਾ ਨੇ 21 ਨਵੰਬਰ ਨੂੰ ਇਹ ਸੇਵਾ ਅਪਣਾਈ। ਸੇਵਾ ਨੂੰ ਇਸੇ ਤਰ੍ਹਾਂ ਐਟਲਾਂਟਾ, ਹਾਸਟਨ, ਸ਼ਿਕਾਗੋ ਤੇ ਸਨ ਫਰਾਂਸਿਸਕੋ ਵਿੱਚ ਭਾਰਤੀ ਵਣਿਜਿਕ ਸਫ਼ਾਰਤਖ਼ਾਨਿਆਂ ਵਿੱਚ ਵੀ ਲਾਂਚ ਕੀਤਾ ਜਾਏਗਾ।