ਬੇਰੂਤ: ਪੂਰਬੀ ਸੀਰੀਆ ਵਿੱਚ ਇਸਲਾਮਿਕ ਸਟੇਟ ਸਮੂਹ ਨੇ ਦੋ ਦਿਨਾਂ ਵਿੱਚ ਅਮਰੀਕਾ ਹਮਾਇਤੀ 24 ਜਵਾਨਾਂ ਦਾ ਕਤਲ ਕਰ ਦਿੱਤੇ। ਇਹ ਜਾਣਕਾਰੀ ਯੁੱਧ ਦੀ ਨਿਗਰਾਨੀ ਕਰਨ ਵਾਲੇ ਸਮੂਹ ਨੇ ਸ਼ਨੀਵਾਰ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਕੁਰਦ ਅਗਵਾਈ ਵਾਲੀ ਗਠਜੋੜ ਫੌਜ ਸੀਰੀਅਨ ਡੈਮੋਕਰੇਟਿਕ ਫੋਰਸਿਸ (ਐਸਡੀਐਫ) ਇਰਾਕੀ ਸਰਹੱਦ ’ਤੇ ਸਥਿਤ ਪੂਰਬੀ ਦੇਈਰ ਇਜ਼ੋਰ ਪ੍ਰਾਂਤ ਦੇ ਇਕਾਲੇ ਵਿੱਚ ਜਿਹਾਦੀਆਂ ਨੂੰ ਖਦੇੜਨ ਲਈ ਸੰਘਰਸ਼ ਕਰ ਰਹੀ ਹੈ। ਐਸਡੀਐਫ ਨੂੰ ਅਮਰੀਕੀ ਫੌਜ ਦਾ ਸਮਰਥਨ ਹਾਸਲ ਹੈ।

ਯੂਕੇ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਜਿਹਾਦੀਆਂ ਨੇ ਸ਼ੁੱਕਰਵਾਰ ਨੂੰ ਪਿੰਡ 'ਤੇ ਹਮਲਾ ਕੀਤਾ, ਜਿੱਥੇ ਐਸਡੀਐਫ ਜਵਾਨ  ਤੇ ਗਠਜੋੜ ਦੇ ਸਲਾਹਕਾਰ ਮੌਜੂਦ ਸਨ। ਆਬਜ਼ਰਵੇਟਰੀ ਦੇ ਮੁਖੀ ਅਬਦਲ ਰਹਿਮਾਨ ਨੇ ਦੱਸਿਆ ਕਿ ਕੋਹਰੇ ਦਾ ਫਾਇਦਾ ਚੁੱਕ ਕੇ ਆਈਐਸ ਨੇ ਉਨ੍ਹਾਂ ਦੇ ਠਿਕਾਣੇ ਦੇ ਨੇੜੇ ਅਲ-ਬਹਿਰਾ ਪਿੰਡ 'ਤੇ ਹਮਲਾ ਕੀਤਾ। ਰਹਿਮਾਨ ਨੇ ਕਿਹਾ ਕਿ ਹਮਲੇ ਵਿੱਚ ਐਸਡੀਐਫ ਦੇ 24 ਫੌਜੀ ਜਵਾਨਾਂ ਦੀ ਮੌਤ ਹੋ ਗਈ।

ਦੋਵਾਂ ਧਿਰਾਂ ਤੋਂ ਹਿੰਸਕ ਝੜਪਾਂ ਸ਼ਨੀਵਾਰ ਨੂੰ ਵੀ ਜਾਰੀ ਰਹੀਆਂ। ਇਸ ਦੌਰਾਨ ਗੱਠਜੋੜ ਫੌਜ ਨੇ ਖੇਤਰ ਵਿੱਚ ਹਵਾਈ ਹਮਲੇ ਵੀ ਕੀਤੇ। ਆਬਜ਼ਰਵੇਟਰੀ ਮੁਤਾਬਕ 27 ਜਿਹਾਦੀਆਂ ਨੂੰ ਹਮਲੇ ਵਿੱਚ ਮਾਰ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜ ਬੱਚਿਆਂ ਸਮੇਤ 17 ਆਮ ਨਾਗਰਿਕਾਂ ਦੀ ਵੀ ਮੌਤ ਹੋ ਗਈ। ਹਾਲਾਂਕਿ, ਗਠਜੋੜ ਫੌਜ ਦੇ ਬੁਲਾਰੇ ਸੀਨ ਰਿਆਨ ਨੇ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੇ ਮਾਰੇ ਜਾਣ ਦੀ ਕੋਈ ਰਿਪੋਰਟ ਨਹੀਂ ਮਿਲੀ।