ਚੰਡੀਗੜ੍ਹ: ਸਿਰਫ ਭਾਰਤ ਹੀ ਨਹੀਂ, ਵਿਦੇਸ਼ੀ ਵੀ ਮਹਿੰਗੇ ਡੀਜ਼ਲ ਤੇ ਪੈਟਰੋਲ ਦੀ ਮਾਰ ਤੋਂ ਤੰਗ ਹਨ। ਫਰਾਂਸ ਦੀ ਰਾਜਧਾਨੀ ਪੈਰਿਸ 'ਚ ਡੀਜ਼ਲ ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਜਾਰੀ ਹਨ। ਵਿਗੜਦੇ ਹਾਲਾਤ ’ਤੇ ਕਾਬੂ ਪਾਉਣ ਲਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਪੈਰਿਸ 'ਚ ਬੀਤੇ ਦੋ ਹਫ਼ਤਿਆਂ ਤੋਂ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨ। ਲੋਕਾਂ ਨੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

ਇਸ ਦਰਮਿਆਨ ਪੈਰਿਸ ਦੇ ਸ਼ਾਂਜ ਐਲੀਜੇ ਇਲਾਕੇ 'ਚ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਦੇ ਬਣਾਏ ਬੈਰੀਕੇਡ ਤੋੜਨ ਦਾ ਯਤਨ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋਣ 'ਤੇ ਹਾਲਾਤ ਕਾਫ਼ੀ ਵਿਗੜ ਗਏ। ਇਸ ਦੌਰਾਨ ਰੋਹ 'ਚ ਆਏ ਪ੍ਰਦਰਸ਼ਕਾਰੀਆਂ ਨੇ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ। ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਪ੍ਰਦਰਸ਼ਕਾਰੀਆਂ ਨੂੰ ਕਾਬੂ ਕਰਨ ਲਈ 3000 ਦੇ ਕਰੀਬ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ।

ਪ੍ਰਦਰਸ਼ਕਾਰੀਆਂ ਨੇ ਰਾਸ਼ਟਰਪਤੀ ਇਮੈਨੂਏਲ ਮੈਕ੍ਰੋਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਫਰਾਂਸ 'ਚ ਬੀਤੇ 12 ਮਹੀਨਿਆਂ 'ਚ ਡੀਜ਼ਲ ਦੀਆਂ ਕੀਮਤਾਂ 'ਚ ਕਰੀਬ 23 ਫੀਸਦੀ ਵਾਧਾ ਹੋਇਆ ਹੈ। ਫਰਾਂਸ ਵਿੱਚ ਚੱਲਣ ਵਾਲੀਆਂ ਜ਼ਿਆਦਾਤਰ ਗੱਡੀਆਂ ਵਿੱਚ ਡੀਜ਼ਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੀਮਤਾਂ ਵਿੱਚ ਔਸਤ 1.71 ਡਾਲਰ ਪ੍ਰਤੀ ਲੀਟਰ ਦਾ ਦਰ ਨਾਲ ਇਜ਼ਾਫਾ ਹੋਇਆ ਹੈ।