ਐਪਲ ਖਿਲਾਫ ਵੱਡੀ ਕਾਨੂੰਨੀ ਕਾਰਵਾਈ ਦੀ ਤਿਆਰੀ
ਏਬੀਪੀ ਸਾਂਝਾ | 25 Nov 2018 02:56 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਟੌਹਰ-ਸ਼ੌਕੀਨੀ ਤੇ ਉੱਚ ਤਕਨੀਕ ਲਈ ਮਸ਼ਹੂਰ ਆਈਫ਼ੋਨ ਬਣਾਉਣ ਵਾਲੀ ਕੰਪਨੀ ਐਪਲ ਕਾਫੀ ਸੂਮ ਹੈ। ਕੋਰੀਆ ਮੋਬਾਈਲ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਐਪਲ ਮੋਬਾਈਲ ਵਿਕਰੇਤਾਵਾਂ ਨੂੰ ਦੁਕਾਨਾਂ ਵਿੱਚ ਆਈਫ਼ੋਨ ਪ੍ਰਦਰਸ਼ਿਤ ਕਰਨ ਲਈ ਖਰੀਦਣ ਦਾ ਦਬਾਅ ਪਾਉਂਦਾ ਹੈ। ਇਸ ਦੇ ਵਿਰੋਧ ਵਿੱਚ ਜਥੇਬੰਦੀ ਐਪਲ ਖ਼ਿਲਾਫ਼ ਕਾਨੂੰਨੀ ਕਾਰਵਾਈ ਛੇੜਨ ਦੇ ਰੌਂਅ ਵਿੱਚ ਹੈ। ਕੇਐਮਡੀਏ ਮੁਤਾਬਕ ਜ਼ਿਆਦਾਤਰ ਮੋਬਾਈਲ ਕੰਪਨੀਆਂ ਦੁਕਾਨਾਂ ਵਿੱਚ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਹੈਂਡਸੈੱਟਸ ਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਉਂਦੀ ਹੈ ਤੇ ਬਾਅਦ ਵਿੱਚ ਵਾਪਸ ਲੈ ਲੈਂਦੀਆਂ ਹਨ, ਪਰ ਐਪਲ ਕਿਸੇ ਦੁਕਾਨਦਾਰ ਨੂੰ ਤਾਂ ਹੀ ਆਪਣੇ ਮੋਬਾਈਲ ਫ਼ੋਨ ਵੇਚਣ ਦਿੰਦਾ ਹੈ ਜੇਕਰ ਉਹ ਪ੍ਰਦਰਸ਼ਨੀ ਫ਼ੋਨਾਂ ਦੀ ਕੀਮਤ ਅਦਾ ਕਰੇ। ਦੁਕਾਨਦਾਰਾਂ ਉੱਪਰ ਅਜਿਹਾ ਦਬਾਅ ਪਾਉਣ ਲਈ ਕੰਪਨੀ ਦਾ ਵਿਰੋਧ ਹੋ ਰਿਹਾ ਹੈ। ਕੋਰੀਅਨ ਮੋਬਾਈਲ ਜਥੇਬੰਦੀ ਹੁਣ ਐਪਲ ਦੀ ਇਸ ਨੀਤੀ ਨਾਲ ਹੋ ਰਹੇ ਨੁਕਸਾਨ ਦੀ ਜਾਂਚ ਕਰ ਰਹੇ ਹਨ। ਇਸ ਤੋਂ ਬਾਅਦ ਦੇਸ਼ ਦੀਆਂ ਤਿੰਨ ਮੋਬਾਈਲ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਐਸ.ਕੇ. ਟੈਲੀਕਾਮ, ਕੇ.ਟੀ. ਟੈਲੀਕਾਮ ਅਤੇ ਐਲ.ਜੀ. ਯੂਪਲੱਸ ਨਾਲ ਮਿਲ ਕੇ ਐਪਲ ਵਿਰੁੱਧ ਕਾਨੂੰਨੀ ਕਾਰਵਾਈ ਛੇੜੀ ਜਾਵੇਗੀ। ਜ਼ਿਰਕਯੋਗ ਹੈ ਕਿ ਕੋਰੀਆ ਵਿੱਚ ਐਪਲ ਕਾਫੀ ਵਿਵਾਦਾਂ ਵਿੱਚ ਰਹਿੰਦੀ ਹੈ ਇਸ ਤੋਂ ਪਹਿਲਾਂ ਸਾਲ 2016 ਵਿੱਚ ਮੋਬਾਈਲ ਸੇਵਾਦਾਤਾ ਕੰਪਨੀਆਂ ਨੇ ਦੋਸ਼ ਲਾਇਆ ਸੀ ਕਿ ਐਪਲ ਨੇ ਟੀਵੀ ਇਸ਼ਤਿਹਾਰ ਤੇ ਆਈਫ਼ੋਨ ਦੀ ਮੁਰੰਮਤ ਦਾ ਖਰਚਾ ਭਰਨ ਲਈ ਮਜਬੂਰ ਕੀਤਾ ਸੀ। ਨਵੰਬਰ 2017 ਵਿੱਚ ਵੀ ਐਪਲ ਉੱਪਰ ਅਜਿਹੇ ਇਲਜ਼ਾਮ ਲਾਏ ਗਏ ਸਨ। ਉੱਧਰ ਕੋਰੀਆ ਦੇ ਫੇਅਰ ਟ੍ਰੇਡ ਕਮਿਸ਼ਨ ਨੇ ਇਸੇ ਸਾਲ ਅਪਰੈਲ ਵਿੱਚ ਐੱਪਲ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੰਪਨੀ ਕੋਈ ਗ਼ਲਤ ਨੀਤੀ ਲਾਗੂ ਕਰਦੀ ਹੈ ਤਾਂ ਉਸ ਨੂੰ ਜ਼ੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।