ਨਵੀਂ ਦਿੱਲੀ: ਕਾਂਗਰਸ ਗੁਜਰਾਤ ਤੇ ਹਿਮਚਾਲ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੋਦੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ। ਇਸੇ ਨੂੰ ਲੈ ਕੇ ਰਾਹੁਲ ਗਾਂਧੀ ਦੀ ਅਗਵਾਈ 'ਚ ਅੱਜ ਕਾਂਗਰਸ ਦੀ ਦਿੱਲੀ 'ਚ ਬੈਠਕ ਹੋ ਰਹੀ ਹੈ ਜਿਸ 'ਚ ਸਾਰੇ ਸੀਨੀਅਰ ਕਾਂਗਰਸੀ ਸ਼ਾਮਲ ਹੋ ਰਹੇ ਹਨ। ਇਸ ਬੈਠਕ 'ਚ ਜੀਐਸਟੀ ਤੇ ਨੋਟਬੰਦੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀ ਨੀਤੀ ਬਣਾਈ ਜਾਵੇਗੀ।
ਜੀਐਸਟੀ ਨੂੰ ਲੈ ਕੇ ਇਸ ਬੈਠਕ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ, ਜੈ ਰਾਮ ਰਮੇਸ਼ ਤੇ ਰਾਹੁਲ ਗਾਂਧੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਮੋਦੀ ਸਰਕਾਰ ਨੂੰ ਹੋਰ ਮਸਲਿਆਂ 'ਤੇ ਘੇਰਨ ਲਈ ਵੀ ਰਣਨੀਤੀ ਤਿਆਰ ਕਰਨਗੇ।
ਗੌਰਤਲਬ ਹੈ ਕਿ ਆਉਣ ਵਾਲੇ 9 ਨਵੰਬਰ ਨੂੰ ਨੋਟਬੰਦੀ ਨੂੰ ਇੱਕ ਸਾਲ ਹੋ ਰਿਹਾ ਹੈ। ਕਾਂਗਰਸ ਨੋਟਬੰਦੀ ਦੇ ਕਾਰਨ ਜਨਤਾ ਨੂੰ ਹੋਈ ਪ੍ਰੇਸ਼ਾਨੀ ਲਈ ਦੇਸ਼ ਭਰ 'ਚ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਦੇਸ਼ ਸਾਹਮਣੇ ਮੋਦੀ ਸਰਕਾਰ ਨੇ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ।