ਜਹਾਜ਼ 'ਚ ਮਿਲਿਆ ਦਿੱਲੀ ਦੀ ਥਾਂ ਪਾਕਿਸਤਾਨ ਲਿਜਾਣ ਦਾ ਸੰਦੇਸ਼ !
ਏਬੀਪੀ ਸਾਂਝਾ | 30 Oct 2017 12:07 PM (IST)
ਨਵੀਂ ਦਿੱਲੀ: ਮੁੰਬਈ ਤੋਂ ਦਿੱਲੀ ਜਾ ਰਹੇ ਜੈੱਟ ਏਅਰਵੇਅਜ਼ ਦੇ ਇੱਕ ਜਹਾਜ਼ ਨੂੰ ਅਗ਼ਵਾ ਕਰਨ ਦੀ ਖ਼ਬਰ ਨਾਲ ਭੜਥੂ ਪੈ ਗਿਆ। ਇਸ ਕਾਰਨ ਜਹਾਜ਼ ਨੂੰ ਤੈਅ ਮੰਜ਼ਲ ਤੋਂ ਪਹਿਲਾਂ ਹੀ ਬਦਲਵੇਂ ਪੰਧ 'ਤੇ ਪਾ ਕੇ ਅਚਾਨਕ ਅਹਿਮਦਾਬਾਦ ਏਅਰਪੋਰਟ ਉਤਾਰਨਾ ਪਿਆ। ਦਰਅਸਲ, ਜਹਾਜ਼ ਵਿੱਚ ਧਮਾਕਾਖੇਜ਼ ਸਮੱਗਰੀ ਤੇ ਅਗ਼ਵਾਕਾਰਾਂ ਦੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਡਾਇਵਰਟ ਕਰ ਦਿੱਤਾ ਗਿਆ। ਜੈੱਟ ਏਅਰਵੇਅਜ਼ ਦੀ ਉਡਾਣ ਅੰਕ 9W339 ਨੇ ਮੁੰਬਈ ਤੋਂ ਦੇਰ ਰਾਤ 02:55 ਵਜੇ ਉਡਾਰੀ ਭਰੀ, ਪਰ ਜਦੋਂ ਹੀ ਹਾਈਜੈਕ ਹੋਣ ਦੀ ਖ਼ਬਰ ਆਈ ਤਾਂ ਉਸ ਨੂੰ ਤਕਰੀਬਨ 50 ਮਿੰਟਾਂ ਬਾਅਦ ਹੀ ਯਾਨੀ 03:45 ਵਜੇ ਅਹਿਮਦਾਬਾਦ ਏਅਰਪੋਰਟ 'ਤੇ ਲੈਂਡ ਕਰਵਾ ਲਿਆ ਗਿਆ। ਬਾਥਰੂਮ ਵਿੱਚ ਮਿਲਿਆ ਸੰਦੇਸ਼- ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਜਹਾਜ਼ ਦੇ ਪਖ਼ਾਨੇ ਵਿੱਚ ਜਹਾਜ਼ ਦੇ ਅਮਲੇ ਦੀ ਇੱਕ ਮੈਂਬਰ ਨੂੰ ਇੱਕ ਨੋਟ ਪ੍ਰਾਪਤ ਹੋਇਆ। ਇਸ ਨੋਟ ਵਿੱਚ ਲਿਖਿਆ ਸੀ, "ਪਲੇਨ ਵਿੱਚ ਹਾਈਜੈਕਰਜ਼ ਹਨ ਤੇ ਇਹ ਦਿੱਲੀ ਵਿੱਚ ਨਹੀਂ ਉੱਤਰਨਾ ਚਾਹੀਦਾ, ਇਸ ਨੂੰ ਸਿੱਧਿਆਂ ਹੀ ਪਾਕਿ ਕਬਜ਼ੇ ਵਾਲੇ ਕਸ਼ਮੀਰ ਵੱਲ ਉਡਾ ਲੈ ਚੱਲੋ।" ਏਅਰਹੋਸਟੈੱਸ ਨੇ ਨੋਟ ਪੜ੍ਹਨ ਤੋਂ ਬਾਅਦ ਤੁਰੰਤ ਪਾਇਲਟ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਜਹਾਜ਼ ਨੂੰ ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡਾ ਅਹਿਮਦਾਬਾਦ ਵਿੱਚ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ। ਜਹਾਜ਼ ਵਿੱਚ 7 ਅਮਲਾ ਮੈਂਬਰਾਂ ਤੋਂ ਇਲਾਵਾ 115 ਮੁਸਾਫਰ ਮੌਜੂਦ ਸਨ, ਜਿਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਡੂੰਘੀ ਤਲਾਸ਼ੀ ਲਈ ਗਈ। ਸਾਰਾ ਕੁਝ ਸਹੀ ਪਾਉਣ ਤੋਂ ਬਾਅਦ ਇਸ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ।