ਅਹਿਮਦਾਬਾਦ: ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖ਼ਤਰਾ ਪੈਦਾ ਹੋ ਰਿਹਾ ਹੈ, ਉੱਥੇ ਹੀ ਇਸ 'ਤੇ ਸਿਆਸਤੀ ਵੀ ਤੇਜ਼ ਹੋ ਗਈ ਹੈ। ਗੁਜਰਾਤ 'ਚ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਗਿਆਸੂਦੀਨ ਸ਼ੇਖ ਨੇ ਭਾਜਪਾ ਆਗੂਆਂ ਉੱਤੇ ਕੋਰੋਨਾ ਫ਼ੈਲਾਉਣ ਦਾ ਦੋਸ਼ ਲਾਇਆ ਹੈ।


ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਦੇਸ਼ 'ਚ ਆਈ ਸੀ ਤਾਂ ਅਹਿਮਦਾਬਾਦ 'ਚ 'ਨਮਸਤੇ ਟਰੰਪ' ਦੇ ਪ੍ਰੋਗਰਾਮ 'ਚ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਭਾਜਪਾ ਆਗੂਆਂ ਤੇ ਸਰਕਾਰ 'ਤੇ ਲਾਪਰਵਾਹੀ ਵਰਤਣ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਲਾਪ੍ਰਵਾਹੀ ਨਾਲ ਕੰਮ ਕੀਤਾ, ਜਿਸ ਕਾਰਨ ਸੂਬੇ 'ਚ ਕੋਰੋਨਾ ਫੈਲਿਆ।


ਇਹ 3 ਕਾਰਨ ਵੀ ਦੱਸੇ


ਕਾਂਗਰਸ ਵਿਧਾਇਕ ਗਿਆਸੂਦੀਨ ਸ਼ੇਖ ਨੇ ਇਸ ਦੇ ਲਈ ਤਿੰਨ ਕਾਰਨ ਦੱਸੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਦੇਸ਼ 'ਚ ਆਈ ਸੀ, ਉਦੋਂ 'ਨਮਸਤੇ ਟਰੰਪ' ਦਾ ਪ੍ਰੋਗਰਾਮ ਅਹਿਮਦਾਬਾਦ 'ਚ ਹੋਇਆ ਸੀ। ਲੱਖਾਂ ਦੀ ਭੀੜ ਇਕੱਠੀ ਹੋ ਗਈ ਸੀ। ਪਹਿਲੀ ਲਹਿਰ ਤੋਂ ਬਾਅਦ ਕੋਰੋਨਾ ਵਾਰੀਅਰਜ਼, ਫ਼ਰੰਟਲਾਈਨ ਕਰਮਚਾਰੀਆਂ ਅਤੇ ਲੋਕਾਂ ਦੀ ਜਾਗਰੂਕਤਾ ਕਾਰਨ ਮਾਮਲੇ ਘੱਟ ਗਏ। ਪਰ ਉਸ ਸਮੇਂ ਦੀਵਾਲੀ ਦੌਰਾਨ ਨਗਰ ਨਿਗਮ/ਪੰਚਾਇਤ ਚੋਣਾਂ ਕਰਵਾਈਆਂ ਗਈਆਂ ਸਨ। ਭਾਜਪਾ ਆਗੂਆਂ ਨੇ ਕਿਸੇ ਚੋਣ ਰੈਲੀ 'ਚ ਮਾਸਕ ਨਹੀਂ ਪਹਿਨੇ ਸਨ। ਇਸ ਨਾਲ ਹਾਲਾਤ ਇਹ ਬਣ ਗਏ ਕਿ ਹਸਪਤਾਲਾਂ 'ਚ ਬਿਸਤਰਿਆਂ ਦੀ ਘਾਟ ਹੋ ਗਈ ਸੀ ਅਤੇ ਹੁਣ ਨਰਿੰਦਰ ਮੋਦੀ ਸਟੇਡੀਅਮ 'ਚ ਹਜ਼ਾਰਾਂ ਲੋਕਾਂ ਦਾ ਇਕੱਠ ਕੀਤਾ ਜਾ ਰਿਹਾ ਹੈ।


 




ਭਾਜਪਾ ਆਗੂਆਂ ਨੂੰ ਜੁਰਮਾਨਾ ਲਗਾਇਆ ਜਾਵੇ


ਗਿਆਸੁਦੀਨ ਸ਼ੇਖ ਨੇ ਕਿਹਾ ਕਿ ਭਾਜਪਾ ਆਗੂ ਕੋਰੋਨਾ ਦੇ ਸੁਪਰ ਸਪ੍ਰੈਡਰ ਹਨ। ਉਨ੍ਹਾਂ ਤੋਂ 1000 ਰੁਪਏ ਦਾ ਜੁਰਮਾਨਾ ਵਸੂਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਅਹਿਮਦਾਬਾਦ ਦੇ 160 ਕੌਂਸਲਰਾਂ ਨੇ ਵੀ ਗਾਂਧੀਨਗਰ ਦੇ ਫ਼ਾਰਮ ਹਾਊਸ 'ਚ ਇਕ ਟਿਫ਼ਨ ਮੀਟਿੰਗ ਕੀਤੀ, ਪਰ ਮਾਸਕ ਨਹੀਂ ਪਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਆਗੂਆਂ ਨੂੰ ਕੋਈ ਜ਼ੁਰਮਾਨਾ ਨਹੀਂ ਕੀਤਾ ਗਿਆ, ਪਰ ਜੇ ਕੋਈ ਆਮ ਆਦਮੀ ਬਗੈਰ ਮਾਸਕ ਪਹਿਨੇ ਘਰੋਂ ਬਾਹਰ ਆ ਜਾਵੇ ਤਾਂ ਉਸ ਨੂੰ ਜੁਰਮਾਨਾ ਭਰਨਾ ਪੈਂਦਾ ਹੈ।


ਭਾਜਪਾ ਨੂੰ ਵੇਖ ਕਾਂਗਰਸੀ ਆਗੂ ਵੀ ਮਾਸਕ ਨਹੀਂ ਪਹਿਨ ਰਹੇ


ਜਦੋਂ ਗਿਆਸੁਦੀਨ ਸ਼ੇਖ ਨੂੰ ਪੁੱਛਿਆ ਗਿਆ ਕਿ ਕਾਂਗਰਸੀ ਆਗੂ ਵੀ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਨਹੀਂ ਪਹਿਨਦੇ ਤਾਂ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਭਾਜਪਾ ਆਗੂਆਂ ਨੂੰ ਵੇਖ ਕੇ ਮਾਸਕ ਨਹੀਂ ਪਹਿਨਦੇ। ਭਾਜਪਾ ਸਰਕਾਰ ਦੀ ਘੱਟ ਰਹੀ ਸਿਆਸੀ ਇੱਛਾ ਸ਼ਕਤੀ ਕਾਰਨ ਹੀ ਕੋਰੋਨਾ ਕਾਬੂ 'ਚ ਨਹੀਂ ਆ ਰਿਹਾ ਹੈ।


ਗੁਜਰਾਤ 'ਚ 1,140 ਨਵੇਂ ਕੇਸ ਸਾਹਮਣੇ ਆਏ


ਜ਼ਿਕਰਯੋਗ ਹੈ ਕਿ ਗੁਜਰਾਤ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲਾਂਕਿ ਐਤਵਾਰ ਦੇ ਮੁਕਾਬਲੇ ਇਨ੍ਹਾਂ 'ਚ ਕਮੀ ਆਈ ਹੈ। ਪਿਛਲੇ 24 ਘੰਟੇ 'ਚ ਗੁਜਰਾਤ 'ਚ ਕੋਰੋਨਾ ਦੇ 1140 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ 4 ਲੋਕਾਂ ਦੀ ਮੌਤ ਹੋ ਗਈ ਅਤੇ 1110 ਮਰੀਜ਼ ਠੀਕ ਹੋਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਥੇ 1580 ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ 7 ਮੌਤਾਂ ਹੋਈਆਂ ਸਨ।