ਨਵੀਂ ਦਿੱਲੀ: ਯੂਨੀਵਰਸਿਟੀਆਂ ਵਿੱਚ 29 ਸਤੰਬਰ ਨੂੰ ਸਰਜੀਕਲ ਸਟ੍ਰਾਈਕ ਦਿਵਸ ਵਜੋਂ ਮਨਾਉਣ ਦੇ ਫਰਮਾਨ 'ਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਕਸੂਤਾ ਘਿਰ ਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਕੀ ਯੂਜੀਸੀ ਅੱਠ ਨਵੰਬਰ ਨੂੰ ਹੋਈ ਨੋਟਬੰਦੀ ਨੂੰ ਸਰਜੀਕਲ ਸਟ੍ਰਾਈਕ ਦਿਵਸ ਵਜੋਂ ਮਨਾਉਣ ਦੀ ਹਿੰਮਤ ਕਰੇਗਾ।


ਸਿੱਬਲ ਨੇ ਯੂਜੀਸੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਇਸ ਅਦਾਰੇ ਦਾ ਮਕਸਦ ਲੋਕਾਂ ਨੂੰ ਸਿੱਖਿਅਤ ਕਰਨਾ ਹੈ ਜਾਂ ਫਿਰ ਬੀਜੇਪੀ ਦੇ ਸਿਆਸੀ ਹਿਤਾਂ ਦੀ ਪੂਰਤੀ ਕਰਨਾ ਹੈ। ਹਾਲਾਂਕਿ, ਸਰਕਾਰ ਨੇ ਯੂਜੀਸੀ ਵੱਲੋਂ ਸਰਜੀਕਲ ਸਟ੍ਰਾਈਕ ਡੇਅ ਮਨਾਉਣ ਨੂੰ ਆਪਸ਼ਨਲ ਭਾਵ ਲਾਜ਼ਮੀ ਨਹੀਂ ਦੱਸਿਆ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਦਿਵਸ ਦੀ ਆਲੋਚਨਾ ਕਰਨਾ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਸਿਰਫ਼ ਸਲਾਹ ਦਿੱਤੀ ਗਈ ਹੈ ਨਾ ਕਿ ਕੋਈ ਲਾਜ਼ਮੀ ਬਣਾਇਆ ਹੈ।

ਸਿੱਬਲ ਨੇ ਭਾਰਤ ਵੱਲੋਂ ਪਾਕਿਸਤਾਨ ਨਾਲ ਯੂਐਨ ਅਸੈਂਬਲੀ ਵਿੱਚ ਮੁਲਾਕਾਤ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਭਾਰਤੀ ਸੁਰੱਖਿਆ ਜਵਾਨਾਂ ਨੂੰ ਬੇਰਹਿਮੀ ਨਾਲ ਕਤਲ ਕਰ ਰਿਹਾ ਹੈ ਤੇ ਕੀ ਇਸ ਹਾਲਾਤ ਦੌਰਾਨ ਵੀ ਸੁਸ਼ਮਾ ਪਾਕਿਸਤਾਨ ਹਮਰੁਤਬਾ ਨਾਲ ਗੱਲਬਾਤ ਕਰੇਗੀ। ਹਾਲਾਂਕਿ, ਕਪਿਲ ਸਿੱਬਲ ਦੇ ਬਿਆਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਯੂਐਨ ਵਿੱਚ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤਾ ਹੈ।