ਨਵੀਂ ਦਿੱਲੀ: ਪਾਕਿਸਤਾਨੀ ਸੈਨਿਕਾਂ ਵੱਲੋਂ ਹਮਲੇ 'ਚ ਸ਼ਹੀਦ ਬੀਐਸਐਫ ਦੇ ਜਵਾਨ ਨਰੇਂਦਰ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਭਾਰਤ ਸਰਕਾਰ ਐਕਸ਼ਨ ਦੇ ਰੌਂਅ 'ਚ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ 'ਚ ਜਵਾਬ ਦੇਣ ਦੀ ਗੱਲ ਕਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕੁਝ ਵੀ ਹੋ ਜਾਵੇ ਪਹਿਲਾਂ ਗੋਲੀ ਨਾ ਚਲਾਉਣਾ ਤੇ ਜੇਕਰ ਉੱਧਰੋਂ ਗੋਲੀ ਆਉਂਦੀ ਹੈ ਤਾਂ ਫਿਰ ਭਾਰਤ ਵੱਲੋਂ ਚੱਲਣ ਵਾਲੀਆਂ ਗੋਲੀਆਂ ਦੀ ਗਿਣਤੀ ਨਹੀਂ ਕੀਤੀ ਜਾਣੀ ਚਾਹੀਦੀ। ਸਰਹੱਦ 'ਤੇ ਹਾਲਾਤ ਬਦਲ ਚੁੱਕੇ ਹਨ।


ਇਸ ਦਰਮਿਆਨ ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਸੈਕਟਰ 'ਚ ਪਾਕਿਸਤਾਨ ਦੀ ਫਾਇਰਿੰਗ 'ਚ ਸ਼ਹੀਦ ਬੀਐਸਐਫ ਜਵਾਨ ਨਰੇਂਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਾਕਿਸਤਾਨੀ ਸੈਨਾ ਨੇ ਪਹਿਲਾਂ ਜਵਾਨ ਨੂੰ ਗੋਲੀ ਮਾਰੀ ਤੇ ਫਿਰ ਉਸ ਦੇ ਸਰੀਰ ਦੀ ਬੇਹੁਰਮਤੀ ਕੀਤੀ ਜਿਸ ਕਾਰਨ ਸਮੁੱਚੇ ਦੇਸ਼ 'ਚ ਪਾਕਿਸਤਾਨ ਖਿਲਾਫ ਰੋਹ ਪਾਇਆ ਜਾ ਰਿਹਾ ਹੈ।


ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਕੁਝ ਨਹੀਂ ਬਦਲਿਆ:


ਅੱਤਵਾਦ 'ਤੇ ਬਿਨਾ ਕਿਸੇ ਵਾਅਦੇ ਸ਼ਾਂਤੀ ਵਾਰਤਾ ਦਾ ਪ੍ਰਸਤਾਵ ਰੱਖਣ ਵਾਲੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਸਰਹੱਦ 'ਤੇ ਕੁਝ ਨਹੀਂ ਬਦਲਿਆ। 18 ਅਗਸਤ ਨੂੰ ਇਮਰਾਨ ਪ੍ਰਧਾਨ ਮੰਤਰੀ ਬਣੇ, ਇਕ ਮਹੀਨੇ 2 ਦਿਨ 'ਚ ਭਾਰਤ ਦੇ 9 ਜਵਾਨ ਸ਼ਹੀਦ ਹੋਏ। ਇਨ੍ਹਾਂ 'ਚੋਂ 6 ਜਵਾਨ ਅੱਤਵਾਦੀ ਹਮਲੇ 'ਚ ਜਦਕਿ ਇਕ ਜਵਾਨ ਗੋਲੀਬੰਦੀ ਦੀ ਉਲੰਘਣਾ ਵੇਲੇ ਸ਼ਹੀਦ ਹੋਇਆ ਤੇ 2 ਜਵਾਨਾਂ ਨੂੰ ਅੱਤਵਾਦੀਆਂ ਨੇ ਅਗਵਾ ਕਰਕੇ ਮਾਰ ਮੁਕਾਇਆ।