ਨਵੀਂ ਦਿੱਲੀ: ਗਰੀਬੀ ਹਟਾਉਣ ਦੀ ਦਿਸ਼ਾ 'ਚ ਭਾਰਤ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦਸ ਸਾਲਾਂ 'ਚ ਦੇਸ਼ 'ਚ ਕਰੀਬ 27 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ। ਅਜੇ ਵੀ ਦੇਸ਼ 'ਚ 36 ਕਰੋੜ ਤੋਂ ਵੱਧ ਲੋਕ ਕਿਸੇ ਨਾ ਕਿਸੇ ਰੂਪ 'ਚ ਗਰੀਬੀ ਦੀ ਮਾਰ ਝੱਲ ਰਹੇ ਹਨ।


ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅੰਕੜੇ:


ਸੰਯੁਕਤ ਰਾਸ਼ਟਰ ਤਹਿਤ ਕੰਮ ਕਰਨ ਵਾਲੀ ਸੰਸਥਾ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਤੇ ਗਰੀਬੀ ਖੇਤਰ 'ਚ ਕੰਮ ਕਰਨ ਵਾਲੀ ਸੰਸਥਾ ਔਕਸਫੋਰਡ ਪਾਵਰਟੀ ਐਂਡ ਹਿਊਮਨ ਡਵੈਲਪਮੈਂਟ ਇਨੀਸ਼ੀਏਟਿਵ ਨੇ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਮੁਤਾਬਕ 2005-06 ਤੇ 2015-16 ਦਰਮਿਆਨ ਭਾਰਤ 'ਚ ਗਰੀਬ 'ਚ ਜਿਉਣ ਵਾਲੇ ਲੋਕਾਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦਾ 27.5 ਫੀਸਦੀ ਰਹਿ ਗਈ ਹੈ। ਪਹਿਲਾਂ 54.1 ਫੀਸਦੀ ਆਬਾਦੀ ਗਰੀਬੀ 'ਚ ਜੀਵਨ ਨਿਰਬਾਹ ਕਰਦੀ ਸੀ।


ਰਿਪੋਰਟ ਮੁਤਾਬਕ ਇਨ੍ਹਾਂ ਦਸ ਸਾਲਾਂ ਦੌਰਾਨ 27.1 ਕਰੋੜ ਲੋਕ ਗਰੀਬੀ ਜੀਵਨ ਤੋਂ ਬਾਹਰ ਆਏ ਹਨ। ਅਜੇ ਵੀ ਭਾਰਤ 'ਚ 36.4 ਕਰੋੜ ਲੋਕ ਗਰੀਬੀ 'ਚ ਹੀ ਰਹਿ ਰਹੇ ਹਨ। ਜੇਕਰ 10 ਸਾਲ ਤੋਂ ਘੱਟ ਉਮਰ ਦੀ ਗੱਲ ਕੀਤੀ ਜਾਵੇ ਤਾਂ ਭਾਰਤ 'ਚ ਹਰ 4 'ਚੋਂ 1 ਬੱਚਾਂ ਗਰੀਬੀ 'ਚ ਜਿਉਂ ਰਿਹਾ ਹੈ।


ਅੱਧੇ ਤੋਂ ਜ਼ਿਆਦਾ ਗਰੀਬ ਸਿਰਫ 4 ਸੂਬਿਆਂ 'ਚ:


ਰਿਪੋਰਟ 'ਚ ਇਹ ਪਹਿਲੂ ਵੀ ਹੈ ਕਿ ਭਾਰਤ ਦੇ ਅੱਧੇ ਤੋਂ ਜ਼ਿਆਦਾ ਗਰੀਬ ਲੋਕ ਸਿਰਫ ਚਾਰ ਸੂਬਿਆਂ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ 'ਚ 19.6 ਕਰੋੜ ਲੋਕ ਰਹਿੰਦੇ ਹਨ। ਦਿੱਲੀ, ਕੇਰਲ ਤੇ ਗੋਆ 'ਚ ਇਨ੍ਹਾਂ ਦੀ ਗਿਣਤੀ ਸਭ ਤੋਂ ਘੱਟ ਹੈ।


(UNDP) ਦੇ ਭਾਰਤੀ ਨਿਰਦੇਸ਼ਕ ਫਰਾਂਕਈਨ ਪਿਕਪ ਮੁਤਾਬਕ ਇਹ ਰਿਪੋਰਟ ਗਰੀਬੀ ਹਟਾਉਣ ਦੀ ਦਿਸ਼ਾ 'ਚ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਦੀ ਨਤੀਜਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹੋਰ ਵੀ ਉਤਸ਼ਾਹਜਨਕ ਹੈ ਕਿ ਰਵਾਇਤੀ ਤੌਰ 'ਤੇ ਪਿਛੜੇ ਵਰਗ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਹੇ ਹਨ।


ਸਾਰਕ ਦੇਸ਼ਾਂ 'ਚ ਮਾਲਦੀਵ ਸਭ ਤੋਂ ਘੱਟ ਗਰੀਬ:


ਹਿੰਦ ਮਹਾਂਸਾਗਰ 'ਚ ਵੱਸੇ ਮਾਲਦੀਵ 'ਚ ਦੱਖਣੀ ਏਸ਼ੀਆ ਦੇ ਸਭ ਤੋਂ ਘੱਟ ਗਰੀਬ ਲੋਕ ਨਿਵਾਸ ਕਰਦੇ ਹਨ। ਇਸ ਦੇਸ਼ 'ਚ ਸਿਰਫ 1.9% ਲੋਕ ਗਰੀਬ ਹਨ। ਪਾਕਿਸਤਾਨ (43.9 %), ਬੰਗਲਾਦੇਸ਼ (41.1 %) ਤੇ ਨੇਪਾਲ (35.1%) ਦੇ ਮੁਕਾਬਲੇ ਭਾਰਤ ਦੀ 27.5% ਆਬਾਦੀ ਹੀ ਗਰੀਬੀ 'ਚ ਜੀਵਨ ਨਿਰਬਾਹ ਕਰਦੀ ਹੈ।


ਗਰੀਬੀ ਮਾਪਣ ਦਾ ਮਾਪਦੰਡ:


ਰਿਪੋਰਟ 'ਚ ਗਰੀਬੀ ਮਾਪਣ ਲਈ ਇਕ ਵਿਆਪਕ ਪੈਮਾਨਾ ਤੈਅ ਕੀਤਾ ਗਿਆ ਹੈ। ਗਰੀਬੀ ਮਾਪਣ ਲਈ ਆਮਦਨੀ ਤੋਂ ਇਲਾਵਾ ਸਿੱਖਿਆ, ਸਿਹਤ ਤੇ ਜਿਉਣ ਦੇ ਪੱਧਰ ਤੋਂ ਇਲਾਵਾ ਪੋਸ਼ਣ, ਬਾਲ ਮੌਤ ਦਰ, ਸਕੂਲ 'ਚ ਬਿਤਾਇਆ ਗਿਆ ਕੁੱਲ ਸਮਾਂ, ਬਿਜਲੀ, ਸਫਾਈ, ਪੀਣ ਦਾ ਪਾਣੀ, ਘਰ ਤੇ ਕੁੱਲ ਸੰਪੱਤੀ ਦਾ ਸਹਾਰਾ ਲਿਆ ਜਾਂਦਾ ਹੈ। ਰਿਪੋਰਟ 'ਚ 104 ਸਭ ਤੋਂ ਪੱਛੜੇ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਦੀ ਆਬਾਦੀ ਕਰੀਬ 5.5 ਅਰਬ ਹੈ ਜੋ ਦੁਨੀਆ ਭਰ ਦੀ ਕੁੱਲ ਆਬਾਦੀ ਦੀ 74 ਫੀਸਦੀ ਹੈ।