ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਦਰਮਿਆਨ ਸਿਆਸੀ ਸਰਗਰਮੀਆਂ ਵੀ ਰਫ਼ਤਾਰ ਫੜ੍ਹਨ ਲੱਗੀਆਂ ਹਨ। ਦੋ ਮਹੀਨੇ ਬਾਅਦ ਸਿਆਸੀ ਦਲ ਫਿਰ ਸਰਗਰਮ ਹੋਏ ਹਨ। ਕੋਰੋਨਾ ਤੇ ਲੌਕਡਾਊਨ ਕਰਕੇ ਹੁਣ ਕਾਂਗਰਸ ਨੇ ਬੀਜੇਪੀ ਖਿਲਾਫ ਆਨਲਾਈਨ ਸੰਘਰਸ਼ ਵਿੱਢਿਆ ਹੈ।
ਦਰਅਸਲ ਮੋਦੀ ਸਰਕਾਰ ਦੇ ਦੂਜੇ ਗੇੜ ਦਾ ਇੱਕ ਸਾਲ ਮੁਕੰਮਲ ਹੋਣ ਮੌਕੇ 30 ਮਈ ਨੂੰ ਬੀਜੇਪੀ 1000 ਵਰਚੂਅਲ ਕਾਨਫਰੰਸਾਂ ਤੋਂ ਲੈ ਕੇ ਕਈ ਈ-ਰੈਲੀਆਂ ਕਰੇਗੀ। ਅਜਿਹੇ 'ਚ ਕਾਂਗਰਸ ਨੇ ਬੀਜੇਪੀ ਨੂੰ ਘੇਰਨ ਦੀ ਰਣਨੀਤੀ ਘੜੀ ਹੈ।
ਪਰਵਾਸੀ ਮਜਦੂਰਾਂ, ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਲਈ ਰਾਹਤ ਪੈਕੇਜ ਦੀ ਮੰਗ ਨੂੰ ਲੈ ਕੇ ਕਾਂਗਰਸ ਅੱਜ ਆਨਲਾਈਨ ਅੰਦੋਲਨ ਕਰੇਗੀ। ਲੌਕਡਾਊਨ ਦੀ ਮਾਰ ਸਹਿ ਰਹੇ ਮਜ਼ਦੂਰਾਂ, ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਦੇ ਮੁੱਦੇ 'ਤੇ ਕਾਂਗਰਸ ਮੋਦੀ ਸਰਕਾਰ ਨੂੰ ਸਾਹਮਣੇ ਹੋ ਕੇ ਟੱਕਰੇਗੀ।
ਕਾਂਗਰਸ ਵੱਲੋਂ ਟੈਕਸ ਦੀ ਸੀਮਾ ਤੋਂ ਬਾਹਰ ਆਉਣ ਵਾਲੇ ਪਰਿਵਾਰਾਂ ਦੇ ਖਾਤਿਆਂ 'ਚ ਕੇਂਦਰ ਸਰਕਾਰ ਵੱਲੋਂ 10 ਹਜ਼ਾਰ ਰੁਪਏ ਤਤਕਾਲ ਪਾਉਣ ਦੀ ਮੰਗ ਲੈ ਕੇ ਕਾਂਗਰਸ ਵੱਡੇ ਪੱਧਰ 'ਤੇ ਆਨਲਾਇਨ ਅੰਦੋਲਨ ਚਲਾਏਗੀ। ਇਸ ਅਭਿਆਨ 'ਚ ਆਪਣੇ ਸਾਰੇ ਕਾਰਜਕਾਰੀਆਂ ਦਾ ਸ਼ਾਮਲ ਹੋਣਾ ਕਾਂਗਰਸ ਨੇ ਲਾਜ਼ਮੀ ਕੀਤਾ ਹੈ।
ਕਾਂਗਰਸ ਨੇ ਫੇਸਬੁੱਕ, ਯੂਟਿਊਬ, ਟਵਿੱਟਰ, ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ 'ਤੇ ਇੱਕੋ ਵੇਲੇ 50 ਲੱਖ ਕਾਂਗਰਸੀ ਵਰਕਰਾਂ ਨੂੰ ਆਨਲਾਈਨ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ। ਦਰਅਸਲ ਕਾਂਗਰਸ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੇ ਪੱਧਰ ਤੇ ਟ੍ਰੈਂਡ ਸੈਟਿੰਗ ਦੀ ਕੋਸ਼ਿਸ਼ 'ਚ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਨੇ ਲੌਕਡਾਊਨ ਦੌਰਾਨ ਸੋਸ਼ਲ ਮੀਡੀਆ ਦਾ ਖੂਬ ਇਸਤੇਮਾਲ ਕੀਤਾ ਹੈ।