ਨਵੀਂ ਦਿੱਲੀ: ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਸੀਟ ਤੋਂ ਚੋਣ ਲੜਨ ਲਈ ਕਾਂਗਰਸ ਦੀ ਚੋਣ ਕਮੇਟੀ ਡਾ. ਮਨਮੋਹਨ ਸਿੰਘ ਅੱਗੇ ਅਰਜ਼ੋਈ ਲੈ ਕੇ ਪਹੁੰਚੇਗੀ। ਅੱਜ ਪੰਜਾਬ ਦੇ ਉਮੀਦਵਾਰਾਂ ਦੀ ਚੋਣ ਕਰਨ ਵਾਲੀ ਕਮੇਟੀ ਦੀ ਪਹਿਲੀ ਬੈਠਕ ਵੀ ਹੋਈ, ਜਿਸ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਗਿਆ।


ਗੁਰੂ ਨਗਰੀ ਦੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ 'ਤੇ ਦਬਾਅ ਪਾਇਆ ਕਿ ਡਾ. ਮਨਮੋਹਨ ਸਿੰਘ ਨੂੰ ਹੀ ਚੋਣ ਲੜਾਈ ਜਾਵੇ। ਇਸ 'ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਵਿਧਾਇਕ ਚਾਹੁੰਦੇ ਹਨ ਕਿ 17ਵੀਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਡਾ. ਮਨਮੋਹਨ ਸਿੰਘ ਨੂੰ ਵੀ ਲੜਾਇਆ ਜਾਵੇ। ਇਸ ਲਈ ਸਾਡੀ ਕਮੇਟੀ ਉਨ੍ਹਾਂ ਨੂੰ ਮਿਲੇਗੀ ਅਤੇ ਚੋਣ ਲੜਨ ਦਾ ਅੰਤਮ ਫੈਸਲਾ ਡਾ. ਮਨਮੋਹਨ ਸਿੰਘ ਦਾ ਹੀ ਹੋਵੇਗਾ।

ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਸ਼ਹਿਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵੀ ਬਿਨੈ ਕੀਤਾ ਹੈ। ਹੁਣ ਦੇਖਣਾ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਦਾ ਫੈਸਲਾ ਕੀ ਹੁੰਦਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਅਗਲੇ ਹਫ਼ਤੇ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਗੁਰਦਾਸਪੁਰ ਸੀਟ ਤੋਂ ਸੁਨੀਲ ਜਾਖੜ ਨੂੰ ਹੀ ਪਾਰਟੀ ਦਾ ਉਮੀਦਵਾਰ ਵੀ ਦੱਸਿਆ ਸੀ।