Congress Chintan Shiver: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਕਾਂਗਰਸ ਵੱਲੋਂ ਮੰਥਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੀਆਂ ਰਾਜਨੀਤਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੁਣ ਚਿੰਤਨ ਸ਼ਿਵਿਰ ਦਾ ਐਲਾਨ ਕੀਤਾ ਗਿਆ ਹੈ। ਚੁਣੌਤੀਆਂ ਨਾਲ ਨਜਿੱਠਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੈਂਪ ਦਾ ਐਲਾਨ ਕੀਤਾ ਗਿਆ ਹੈ । ਕਾਂਗਰਸ ਦਾ ਇਹ ਚਿੰਤਨ ਕੈਂਪ 13 ਮਈ ਤੋਂ 15 ਮਈ ਤੱਕ ਰਾਜਸਥਾਨ ਦੇ ਉਦੈਪੁਰ ਲਗਾਇਆ ਜਾਵੇਗਾ ਜਿੱਥੇ ਦੇਸ਼ ਭਰ ਦੇ ਪਾਰਟੀ ਨੇਤਾ ਅੰਦਰੂਨੀ ਮੁੱਦਿਆਂ 'ਤੇ ਚਰਚਾ ਕਰਨਗੇ।


ਸੂਤਰਾਂ ਮੁਤਾਬਕ ਚਿੰਤਨ ਸ਼ਿਵਿਰ 'ਚ ਮੁੱਖ ਤੌਰ 'ਤੇ ਛੇ ਏਜੰਡਿਆਂ 'ਤੇ ਚਰਚਾ ਹੋਵੇਗੀ। ਇਨ੍ਹਾਂ ਵਿੱਚ ਜਥੇਬੰਦੀ ਦੇ ਮਾਮਲਿਆਂ ਤੋਂ ਇਲਾਵਾ ਕਿਸਾਨਾਂ ਅਤੇ ਨੌਜਵਾਨਾਂ ਦੇ ਮਸਲੇ ਅਤੇ ਸਮਾਜਿਕ, ਆਰਥਿਕ, ਸਿਆਸੀ ਤਜਵੀਜ਼ਾਂ ਸ਼ਾਮਲ ਹਨ ਅਤੇ ਇਸ ਲਈ ਕਾਂਗਰਸ ਪਾਰਟੀ ਵੱਲੋਂ ਛੇ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ। ਜਿਸ 'ਚ ਮਨੀਸ਼ ਤਿਵਾੜੀ ਨੂੰ ਅਰਥ ਸ਼ਾਸਤਰ ਦੀ ਕਮੇਟੀ ਵਿੱਚ ਥਾਂ ਮਿਲੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਯੁਵਾ ਮਾਮਲਿਆਂ ਬਾਰੇ ਕਮੇਟੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ ਉੱਖੇ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਖੇਤੀਬਾੜੀ ਤੇ ਕਿਸਾਨ ਕਮੇਟੀ ਵਿੱਚ ਥਾਂ ਮਿਲੀ ਹੈ। 


ਮਲਿਕਾਰਜੁਨ ਖੜਗੇ ਸਿਆਸੀ ਮੁੱਦਿਆਂ 'ਤੇ ਪੈਨਲ ਦੀ ਅਗਵਾਈ ਕਰਨਗੇ, ਜਦਕਿ ਭੁਪਿੰਦਰ ਸਿੰਘ ਹੁੱਡਾ ਖੇਤੀਬਾੜੀ ਅਤੇ ਕਿਸਾਨਾਂ 'ਤੇ ਕਮੇਟੀ ਦੀ ਅਗਵਾਈ ਕਰਨਗੇ। ਮੁਕੁਲ ਵਾਸਨਿਕ ਸੰਗਠਨਾਤਮਕ ਮਾਮਲਿਆਂ ਲਈ ਤਾਲਮੇਲ ਪੈਨਲ ਦੀ ਅਗਵਾਈ ਕਰਨਗੇ। ਉਸਨੇ G 23 ਦੇ ਬਹੁਤ ਸਾਰੇ ਨੇਤਾਵਾਂ ਨੂੰ ਇਹਨਾਂ ਪੈਨਲਾਂ ਵਿੱਚ ਸ਼ਾਮਲ ਕੀਤਾ ਹੈ, ਜੋ ਸੰਗਠਨ ਦੇ ਸੁਧਾਰ ਲਈ ਜ਼ੋਰ ਦੇ ਰਹੇ ਹਨ।


ਇਸ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਪਾਰਟੀ ਦੇ ਕੌਮੀ ਅਹੁਦੇਦਾਰ, ਸੂਬਾ ਪ੍ਰਧਾਨ, ਵਿਧਾਇਕ ਦਲਾਂ ਦੇ ਆਗੂਆਂ ਸਮੇਤ ਦੇਸ਼ ਭਰ ਵਿੱਚੋਂ 400 ਦੇ ਕਰੀਬ ਆਗੂ ਹਿੱਸਾ ਲੈਣਗੇ।