ਚੰਡੀਗੜ੍ਹ: ਸੂਬੇ ਵਿੱਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸ ਆਪਣੇ ਲੋਕ ਸਭਾ ਉਮੀਦਵਾਰ ਐਲਾਨਣ ਤੋਂ ਝਿਜਕ ਰਹੀ ਹੈ। ਦਰਅਸਲ, ਪਾਰਟੀ ਦੀਆਂ ਕੇਂਦਰੀ ਤੇ ਸੂਬਾਈ ਇਕਾਈਆਂ ਵੱਲੋਂ ਕਰਵਾਏ ਗਏ ਸਰਵੇਖਣਾਂ ਤੋਂ ਪ੍ਰਾਪਤ ਹੋਏ ਨਤੀਜੇ ਅਜਿਹੀ ਹੀ ਸਿਫਾਰਸ਼ ਕਰਦੇ ਹਨ।
ਸੂਤਰਾਂ ਮੁਤਾਬਕ ਕੇਂਦਰੀ ਸਰਵੇਖਣ ਟੀਮ ਨੇ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਹਾਲ ਦੀ ਘੜੀ ਬਠਿੰਡਾ, ਫ਼ਿਰੋਜ਼ਪੁਰ ਤੇ ਗੁਰਦਾਸਪੁਰ ਸੀਟਾਂ ਤੋਂ ਉਮੀਦਵਾਰਾਂ ਦੇ ਨਾਂ ਨਾ ਐਲਾਨੇ ਜਾਣ। ਜਦੋਂ ਤਕ ਅਕਾਲੀ ਦਲ-ਭਾਜਪਾ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰਦੇ, ਉਦੋਂ ਤਕ ਕਾਂਗਰਸ ਨੂੰ ਆਪਣੇ ਉਮੀਦਵਰਾਂ ਦੇ ਨਾਂ ਨਹੀਂ ਜਾਰੀ ਕਰਨੇ ਚਾਹੀਦੇ।
ਉੱਧਰ, ਪਾਰਟੀ ਦੀ ਸੂਬਾਈ ਇਕਾਈ ਦਾ ਤਰਕ ਹੈ ਕਿ ਉਮੀਦਵਾਰਾਂ ਬਾਰੇ ਸਥਿਤੀ ਜਲਦੀ ਹੀ ਸਾਫ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਬੀਤੇ ਦਿਨੀਂ ਚੰਡੀਗੜ੍ਹ ਵਿੱਚ ਹੋਈ ਪਾਰਟੀ ਦੀ ਬੈਠਕ ਵਿੱਚ ਕਾਂਗਰਸ ਦੇ ਮੁੱਖ ਸਕੱਤਰ ਕੇਸੀ ਵੇਣੂਗੋਪਾਲ ਨੇ ਪੰਜਾਬ ਕਾਂਗਰਸ ਦੇ ਸਰਵੇਖਣ ਨੂੰ ਖਾਰਜ ਕਰ ਦਿੱਤਾ ਸੀ।
ਸ਼੍ਰੋਮਣੀ ਅਕਾਲੀ ਦਲ ਫ਼ਿਰੋਜ਼ਪੁਰ ਤੇ ਬਠਿੰਡਾ ਲੋਕ ਸਭਾ ਸੀਟ ਤੋਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਚੋਣ ਲੜਾ ਸਕਦਾ ਹੈ, ਜਦਕਿ ਗੁਰਦਾਸਪੁਰ ਸੀਟ ਭਾਰਤੀ ਜਨਤਾ ਪਾਰਟੀ ਦੇ ਪਾਲੇ ਵਿੱਚ ਹੈ। ਵਿਨੋਦ ਖੰਨਾ ਦੀ ਮੌਤ ਮਗਰੋਂ ਕਾਂਗਰਸ ਹਿੱਸੇ ਗਈ ਗੁਰਦਾਸਪੁਰ ਸੀਟ ਨੂੰ ਮੁੜ ਹਾਸਲ ਕਰਨ ਲਈ ਭਾਜਪਾ ਕਿਸੇ ਫ਼ਿਲਮੀ ਸਿਤਾਰੇ ਨੂੰ ਉਤਾਰਨ ਦੇ ਰੌਂਅ ਵਿੱਚ ਹੈ। ਉੱਧਰ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਨੂੰ ਉਤਾਰਨ ਲਈ ਬਜ਼ਿੱਦ ਹਨ।
ਰੇੜਕਾ ਬਠਿੰਡਾ ਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਦਾ ਹੀ ਪੈ ਰਿਹਾ ਹੈ। ਪਿਛਲੇ ਦਿਨੀਂ ਅਕਾਲੀ ਦਲ ਵੱਲੋਂ ਫ਼ਿਰੋਜ਼ਪੁਰ ਤੇ ਮਾਨਸਾ ਵਿੱਚ ਕੀਤੀਆਂ ਦੋ ਵੱਡੀਆਂ ਰੈਲੀਆਂ ਤੋਂ ਸੁਖਬੀਰ ਜਾਂ ਹਰਸਿਮਰਤ ਬਾਰੇ ਲੋਕਾਂ ਦੀ ਰਾਏ ਜਾਣੀ ਸੀ। ਪਾਰਟੀ ਹਿਤੈਸ਼ੀਆਂ ਨੇ ਬਠਿੰਡਾ ਤੋਂ ਹਰਸਿਮਰਤ ਬਾਦਲ ਲਈ ਜ਼ੋਰ ਦਿੱਤਾ ਸੀ। ਹੁਣ ਕਾਂਗਰਸ ਉਨ੍ਹਾਂ ਨੂੰ ਟੱਕਰ ਦੇਣ ਲਈ ਕੋਈ ਮਹਿਲਾ ਉਮੀਦਵਾਰ ਟੋਲ ਰਹੀ ਹੈ।
ਉੱਧਰ, ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸੁਖਬੀਰ ਬਾਦਲ ਦੇ ਮੁਕਾਬਲੇ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਉਤਾਰਿਆ ਜਾਵੇ ਪਰ ਬਾਦਲ ਲੋਕ ਸਭਾ ਚੋਣ ਲੜਨ ਤੋਂ ਪੈਰ ਪਿਛਾਂਹ ਖਿੱਚ ਰਹੇ ਹਨ, ਜੇਕਰ ਪਾਰਟੀ ਦਾ ਹੁਕਮ ਹੋਇਆ ਤਾਂ ਉਨ੍ਹਾਂ ਨੂੰ ਪਿੜ ਵਿੱਚ ਉੱਤਰਨਾ ਹੀ ਹੋਵੇਗਾ।
ਉੱਧਰ, ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਡਾ. ਮਨਮੋਹਨ ਸਿੰਘ ਵੱਲੋਂ ਨਾਂਹ ਕਰਨ ਤੋਂ ਬਾਅਦ ਕਾਂਗਰਸ ਨਵਜੋਤ ਸਿੱਧੂ ਨੂੰ ਉਤਾਰਨ ਲਈ ਕਹਿ ਰਹੀ ਹੈ, ਪਰ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ।