ਨਵੀਂ ਦਿੱਲੀ: ਕਾਂਗਰਸ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਪਹੁੰਚਣ ਤੋਂ ਰੋਕੇ ਜਾਣ ਦੇ ਯਤਨਾਂ ਨੂੰ ਲੈਕੇ ਸ਼ਨੀਵਾਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੰਕਾਰ ਨੇ ਜਵਾਨਾਂ ਨੂੰ ਕਿਸਾਨਾਂ ਦੇ ਖਿਲਾਫ ਖੜਾ ਕਰ ਦਿੱਤਾ ਹੈ।


ਵਿਰੋਧੀ ਧਿਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਹਾਜ਼ ਦੀ ਬਜਾਇ ਜ਼ਮੀਨ 'ਤੇ ਰਹਿ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਕਾਲੇ ਕਾਨੂੰਨ ਖਤਮ ਹੋਣ ਤਕ ਇਹ ਲੜਾਈ ਜਾਰੀ ਰਹੇਗੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਸੁਰੱਖਿਆ ਕਰਮੀ ਵੱਲੋਂ ਕਿਸਾਨ 'ਤੇ ਲਾਠੀ ਵਰ੍ਹਾਉਣ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਕਿ ਬਹੁਤ ਹੀ ਦੁਖਦਾਈ ਤਸਵੀਰ ਹੈ।


ਸਾਡਾ ਨਾਅਰਾ ਤਾਂ 'ਜੈ ਜਵਾਨ ਜੈ ਕਿਸਾਨ' ਦਾ ਸੀ ਪਰ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਦੇ ਖਿਲਾਫ ਖੜਾ ਕਰ ਦਿੱਤਾ ਹੈ। ਇਹ ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਕਿਹਾ ਬੇਇਨਸਾਫੀ ਖਿਲਾਫ ਆਵਾਜ਼ ਚੁੱਕਣਾ ਜ਼ੁਰਮ ਨਹੀਂ, ਫਰਜ਼ ਹੈ। ਮੋਦੀ ਸਰਕਾਰ ਕਿਸਾਨਾਂ ਦੇ ਇਰਾਦੇ ਨਹੀਂ ਬਦਲ ਸਕਦੀ। ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਤਮ ਹੋਣ ਤਕ ਇਹ ਲੜਾਈ ਜਾਰੀ ਰਹੇਗੀ। ਸਾਡੇ ਲਈ 'ਜੈ ਕਿਸਾਨ' ਸੀ, ਹੈ ਤੇ ਰਹੇਗਾ।


ਪ੍ਰਿਯੰਕਾ ਗਾਂਧੀ ਨੇ ਟੀਵਟ ਜ਼ਰੀਏ ਲਿਖਿਆ, 'ਬੀਜੇਪੀ ਸਰਕਾਰ 'ਚ ਦੇਸ਼ ਦੀ ਵਿਵਸਥਾ ਨੂੰ ਦੇਖੋ, ਜਦੋਂ ਬੀਜੇਪੀ ਦੇ ਖਰਬਪਤੀ ਮਿੱਤਰ ਦਿੱਲੀ ਆਉਂਦੇ ਹਨ ਤਾਂ ਲਾਲ ਕਾਲੀਨ ਵਿਛਾਇਆ ਜਾਂਦਾ ਹੈ ਤੇ ਕਿਸਾਨਾਂ ਲਈ ਦਿੱਲੀ ਆਉਣ 'ਤੇ ਰਾਹ ਪੁੱਟੇ ਜਾ ਰਹੇ ਹਨ।' ਉਨ੍ਹਾਂ ਸਵਾਲ ਕੀਤਾ ਦਿੱਲੀ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਏ ਉਹ ਠੀਕ, ਪਰ ਸਰਕਾਰ ਨੂੰ ਆਪਣੀ ਗੱਲ ਕਹਿਣ ਕਿਸਾਨ ਦਿੱਲੀ ਆਉਣ ਤਾਂ ਉਹ ਗਲਤ?


ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, 'ਮੋਦੀ ਜੀ ਕੰਪਨੀਆਂ ਦੇ ਦਫਤਰ ਜਾ ਕੇ ਫੋਟੋ ਖਿਚਵਾ ਰਹੇ ਹਨ ਤੇ ਲੱਖਾਂ ਕਿਸਾਨ ਸੜਕਾਂ 'ਤੇ ਹਨ। ਕਾਸ਼! ਪ੍ਰਧਾਨ ਮੰਤਰੀ ਜਹਾਜ਼ ਦੀ ਬਜਾਇ ਜ਼ਮੀਨ 'ਤੇ ਕਿਸਾਨਾਂ ਨਾਲ ਗੱਲ ਕਰਦੇ।' ਉਨ੍ਹਾਂ ਇਲਜ਼ਾਮ ਲਾਇਆ ਕੋਰੋਨਾ ਦਾ ਟੀਕਾ ਵਿਗਿਆਨੀ ਤੇ ਖੋਜੀ ਲੱਭਣਗੇ। ਦੇਸ਼ ਦਾ ਢਿੱਡ ਕਿਸਾਨ ਪਾਲਣਗੇ। ਪਰ ਮੋਦੀ ਜੀ ਤੇ ਬੀਜੇਪੀ ਨੇ ਲੀਡਰ ਕੁਝ ਨਾ ਕਰਕੇ ਸਿਰਫ ਪ੍ਰਚਾਰ 'ਤੇ ਕੇਂਦਰਤ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ