ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਪੂਰੀ ਮਜ਼ਬੂਤੀ ਨਾਲ ਉਤਰਣ ਦੇ ਮਕਸਦ ਨਾਲ ਕਾਂਗਰਸ ਨੇ ਅਗਲੇ ਕੁਝ ਮਹੀਨਿਆਂ ਅੰਦਰ ਦੇਸ਼ ਭਰ ਵਿੱਚ ਇੱਕ ਕਰੋੜ ‘ਬੂਥ ਸਹਿਯੋਗੀਆਂ’ ਦੀ ਫੌਜ ਖੜ੍ਹੀ ਕਰਨ ਦਾ ਟੀਚਾ ਮਿੱਥਿਆ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਸ ਯੋਜਨਾ ਤਹਿਤ ਜਨਰਲ ਸਕੱਤਰ ਅਸ਼ੋਕ ਗਲਹੋਤ ਨੇ ਪਿਛਲੇ 13 ਸਤੰਬਰ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਤੇ ਸੂਬਾਈ ਪ੍ਰਧਾਨਾਂ ਨੂੰ ਚਿੱਠੀ ਭੇਜ ਕੇ ਕਿਹਾ ਹੈ ਕਿ ਉਹ ਹਰ ਬੂਥ ’ਤੇ ਘੱਟੋ-ਘੱਟ 10 ਬੂਥ ਸਹਿਯੋਗੀ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਜੁਟ ਜਾਣ।
ਹਰ ਬੂਥ ਅਧਿਕਾਰੀ ਦੀ 20-25 ਘਰਾਂ ਨਾਲ ਸੰਪਰਕ ਕਾਇਮ ਕਰਨ ਦੀ ਜ਼ਿੰਮੇਦਾਰੀ ਹੋਏਗੀ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੇ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਰਹਿਣ ਦੌਰਾਨ 6 ਸਤੰਬਰ ਨੂੰ ਗਲਹੋਤ ਤੇ ਕਾਂਗਰਸ ਦੇ ਖ਼ਜ਼ਾਨਚੀ ਅਹਿਮਦ ਪਟੇਲ ਵੱਲੋਂ ਪਾਰਟੀ ਦੇ ਸੂਬਾਈ ਇਕਾਈਆਂ ਦੇ ਪ੍ਰਧਾਨਾਂ ਤੇ ਖ਼ਜ਼ਾਨਚੀਆਂ ਨਾਲ ਕੀਤੀ ਬੈਠਕ ਵਿੱਚ ਸਭ ਤੋਂ ਅਹਿਮ ਫੈਸਲਾ ਬੂਥ ਸਹਿਯੋਗੀਆਂ ਦੀ ਫੌਜ ਤਿਆਰ ਕਰਨਾ ਸੀ। ਯਾਤਰਾ ਤੋਂ ਵਾਪਸ ਆਉਣ ਬਾਅਦ ਰਾਹੁਲ ਗਾਂਧੀ ਨੇ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।
ਅਖਿਲ ਭਾਰਤੀ ਕਾਂਗਰਸ ਦੇ ਕੌਮਾ ਸਕੱਤਰ ਜੇਡੀ ਸੀਲਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਤੈਅ ਕੀਤਾ ਹੈ ਕਿ ਹਪ ਬੂਥ ’ਤੇ 10 ਬੂਥ ਸਹਿਯੋਗੀ ਜੋੜੇ ਜਾਣਗੇ। ਪੂਰੇ ਦੇਸ਼ ’ਚ ਕਰੀਬ 10 ਲੱਖ ਬੂਥ ਹਨ ਤੇ ਇਸ ਲਿਹਾਜ਼ ਨਾਲ ਉਨ੍ਹਾਂ ਨੇ ਇੱਕ ਕਰੋੜ ਬੂਥ ਸਹਿਯੋਗੀਆਂ ਦੀ ਫੌਜ ਤਿਆਰ ਕਰਨੀ ਹੈ।