ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦਰਮਿਆਨ ਅੱਜ ਇਕ ਵਾਰ ਫਿਰ ਤੇਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਪੈਟਰੋਲ ਦੀ ਕੀਮਤ 28 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 'ਚ 18 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਇਆ ਹੈ। ਵਧੀਆਂ ਹੋਈਆਂ ਕੀਮਤਾਂ ਤੋਂ ਬਾਅਦ ਦਿੱਲੀ 'ਚ ਪੈਟਰੋਲ 81 ਰੁਪਏ 91 ਪੈਸੇ ਪ੍ਰਤੀ ਲੀਟਰ ਜਦਕਿ ਡੀਜ਼ਲ 73 ਰੁਪਏ 72 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਵੀ ਪੈਟਰੋਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ। ਤਾਜ਼ਾ ਭਾਅ ਮੁਤਾਬਕ ਇੱਕ ਲੀਟਰ ਪੈਟਰੋਲ ਦੀ ਕੀਮਤ 87.88 ਰੁਪਏ ਤਕ ਪਹੁੰਚ ਗਈ ਹੈ।


ਉੱਧਰ ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ 89 ਰੁਪਏ 29 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 78 ਰੁਪਏ 26 ਪੈਸੇ ਪ੍ਰਤੀ ਲੀਟਰ ਪਹੁੰਚ ਗਈ ਹੈ। ਇਸ ਸਮੇਂ ਦੇਸ਼ 'ਚ ਸਭ ਤੋਂ ਮਹਿੰਗਾ ਪੈਟਰੋਲ ਮਹਾਰਾਸ਼ਟਰ ਦੇ ਪਰਭਣੀ 'ਚ ਹੈ ਜਿੱਥੇ ਪੈਟਰੋਲ 91 ਰੁਪਏ 4 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 78 ਰੁਪਏ 75 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਵਿੱਤ ਮੰਤਰਾਲੇ ਦੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਇਸ ਬੈਠਕ 'ਚ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ ਕਈ ਅਧਿਕਾਰੀ ਵੀ ਸ਼ਾਮਿਲ ਸਨ। ਬੈਠਕ ਤੋਂ ਬਾਅਦ ਵਿੱਤ ਮੰਤਰੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦੇ ਸੰਕੇਤਾਂ ਤੋਂ ਇਨਕਾਰ ਕਰ ਦਿੱਤਾ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕੀਤੇ ਜਾਣ ਦੇ ਸਵਾਲ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਇਕ ਅੰਤਰਿਮ ਸਮੀਖਿਆ ਬੈਠਕ ਸੀ ਤੇ ਇਸ 'ਚ ਅਜਿਹੇ ਕਿਸੇ ਵਿਸ਼ੇ 'ਤੇ ਗੱਲ ਨਹੀਂ ਹੋਈ।


ਇਕ ਪਾਸੇ ਲੋਕ ਤੇਲ ਦੀਆਂ ਕੀਮਤਾਂ ਤੋਂ ਪਰੇਸ਼ਾਨ ਹਨ ਦੂਜੇ ਪਾਸੇ ਆਰਪੀਆਈ ਪ੍ਰਮੁੱਖ ਤੇ ਕੇਂਦਰੀ ਸਮਾਜਿਕ ਨਿਆਂ ਮੰਤਰੀ ਰਾਮਦਾਸ ਆਠਾਵਲੇ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਮੈਂ ਵਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਨਹੀਂ ਹਾਂ, ਕਿਉਂਕਿ ਮੈਂ ਮੰਤਰੀ ਹਾਂ ਤੇ ਮੈਨੂੰ ਮੁਫਤ 'ਚ ਡੀਜ਼ਲ ਪੈਟਰੋਲ ਮਿਲਦਾ ਹੈ। ਹਾਲਾਂਕਿ ਉਨ੍ਹਾਂ ਇਹ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਹਿੰਗਾਈ ਘੱਟ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।