ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਬੁਰਾੜੀ ਵਿੱਚ ਬੀਤੀ ਜੁਲਾਈ ਮਹੀਨੇ ਵਿੱਚ ਇੱਕੋ ਪਰਿਵਾਰ ਦੇ 11 ਜੀਆਂ ਨੂੰ ਉਨ੍ਹਾਂ ਦੇ ਹੀ ਘਰ ਵਿੱਚ ਮ੍ਰਿਤ ਪਾਏ ਜਾਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪਹਿਲਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਸਾਰਿਆਂ ਨੇ ਸਮੂਹਿਕ ਖ਼ੁਦਕੁਸ਼ੀ ਕੀਤੀ ਹੈ, ਪਰ ਮਨੋਵਿਗਿਆਨੀ ਆਟੋਪਸੀ ਰਿਪੋਰਟ ਵਿੱਚ ਇਨ੍ਹਾਂ ਮੌਤਾਂ ਦਾ ਅਸਲ ਕਾਰਨ ਦੱਸਿਆ ਗਿਆ ਹੈ। ਰਿਪੋਰ ਮੁਤਾਬਕ ਸਾਰੇ 11 ਜੀਆਂ ਦੀਆਂ ਮੌਤਾਂ ਕਿਸੇ ਰਸਮ ਨੂੰ ਨਿਭਾਉਣ ਜਾਂ ਕੋਈ ਉਪਾਅ ਕਰਨ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਏ ਹਨ।
ਦਿੱਲੀ ਪੁਲਿਸ ਨੇ ਸੀਬੀਆਈ ਨੂੰ ਇਸ ਮਾਮਲੇ ਵਿੱਚ ਮਨੋਵਿਗਿਆਨਕ ਚੀਰਫਾੜ ਕਰ ਸੱਚ ਦਾ ਪਤਾ ਲਾਉਣ ਲਈ ਕਿਹਾ ਸੀ। ਬੀਤੇ ਬੁੱਧਵਾਰ ਤਿਆਰ ਹੋਈ ਇਸ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਰਿਵਾਰ ਦੇ ਜੀਆਂ ਨੇ ਖ਼ੁਦਕੁਸ਼ੀ ਨਹੀਂ ਕੀਤੀ ਸੀ। ਆਟੋਪਸੀ ਰਿਪੋਰਟ ਤਿਆਰ ਕਰਨ ਲਈ ਸੀਬੀਆਈ ਨੇ ਕੇਂਦਰੀ ਫਾਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਸੀਐਫਐਸਐਲ) ਨੇ ਘਰ ਵਿੱਚੋਂ ਮਿਲੇ ਰਜਿਸਟਰਾਂ ਵਿੱਚ ਲਿਖੀਆਂ ਗੱਲਾਂ ਦੇ ਨਾਲ-ਨਾਲ ਪੁਲਿਸ ਵੱਲੋਂ ਦਰਜ ਕੀਤੇ ਚੂੰਡਾਵਤ ਪਰਿਵਾਰ ਦੇ ਹੋਰ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਦੇ ਬਿਆਨਾਂ ਦਾ ਵਿਸ਼ਲੇਸ਼ਣ ਕੀਤਾ ਸੀ।
ਸੀਐਫਐਸਐਲ ਨੇ ਪਰਿਵਾਰ ਦੇ ਸਭ ਵੱਡੇ ਮੈਂਬਰ ਦਿਨੇਸ਼ ਸਿੰਘ ਚੂੰਡਾਵਤ ਤੇ ਉਸ ਦੀ ਭੈਣ ਸੁਜਾਤਾ ਨਾਗਪਾਲ ਤੇ ਹੋਰ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਮਨੋਵਿਗਿਆਨਕ ਆਟੋਪਸੀ ਵਿੱਚ ਕਿਸੇ ਵਿਅਕਤੀ ਦੇ ਮੈਡੀਕਲ ਰਿਕਾਰਡ ਦਾ ਵਿਸ਼ਲੇਸ਼ਣ ਕਰਕੇ, ਦੋਸਤਾਂ-ਜਾਣਕਾਰਾਂ ਤੇ ਪਰਿਵਾਰ ਦੇ ਮੈਬਰਾਂ ਨਾਲ ਗੱਲਬਾਤ ਕਰ ਕੇ ਅਤੇ ਮੌਤ ਤੋਂ ਪਹਿਲਾਂ ਉਸ ਦੀ ਮਾਨਸਿਕ ਦਸ਼ਾ ਨੂੰ ਦਰਸਾਉਂਦੀਆਂ ਚੀਜ਼ਾਂ ਦਾ ਅਧਿਐਨ ਕਰ ਕੇ ਸੱਚ ਦਾ ਪਤਾ ਲਾਇਆ ਜਾਂਦਾ ਹੈ।