ਚੰਡੀਗੜ੍ਹ: ਹਰਿਆਣਾ ਦੇ ਰੇਵਾੜੀ 'ਚ ਨਸ਼ੀਲਾ ਪਦਾਰਥ ਖੁਆ ਕੇ ਸੀਬੀਐਸੀ ਟੌਪਰ ਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ 19 ਸਾਲਾ ਕੁੜੀ ਨਾਲ ਗੈਂਗਰੇਪ ਕਰਨ ਵਾਲੇ ਤਿੰਨ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਐਸਆਈਟੀ ਦੀ ਚੀਫ ਨਾਜਨੀਨ ਭਸੀਨ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਦੋਸ਼ੀਆਂ ਦਾ ਸੁਰਾਗ ਦੇਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ 'ਚ ਰੇਪ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਮਾਮਲੇ 'ਚ ਤਿੰਨ ਮੁਲਜ਼ਮਾਂ ਪੰਕਜ, ਮਨੀਸ਼ ਤੇ ਨਿਸ਼ੂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਹੀ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕਰੇਗੀ। ਉਨ੍ਹਾਂ ਲੋਕਾਂ ਨੂੰ ਪੁਲਿਸ ਨੂੰ ਜਾਂਚ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਘਟਨਾ ਨੂੰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਦੋਸ਼ੀ ਫਰਾਰ ਹਨ।
ਪੀੜਤਾ ਦੀ ਮਾਂ ਨੇ ਪੁਲਿਸ 'ਤੇ ਢਿੱਲੀ ਕਾਰਵਾਈ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਇਸ ਘਟਨਾ ਤੋਂ ਬਾਅਦ ਸਦਮੇ 'ਚ ਹੈ ਜਦਕਿ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ। ਪੀੜਤਾ ਦੀ ਮਾਂ ਨੇ ਕਿਹਾ ਕਿ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੀ ਹੈ ਪਰ ਸਾਡੀਆਂ ਬੇਟੀਆਂ ਨੂੰ ਸਿੱਖਿਆ ਲੈਣ ਲਈ ਅਜਿਹੀ ਕੀਮਤ ਚੁਕਾਉਣੀ ਪਵੇਗੀ।
ਪੁਲਿਸ ਮੁਤਾਬਕ ਦੋਸ਼ੀ ਪੀੜਤਾ ਦੇ ਪਿੰਡ ਦੇ ਹੀ 20 ਤੋਂ 25 ਸਾਲ ਦੇ ਨੌਜਵਾਨ ਹਨ। ਇਨ੍ਹਾਂ ਨੇ ਬੁੱਧਵਾਰ ਨੂੰ ਕੋਚਿੰਗ ਕਲਾਸ ਲੈਣ ਗਈ ਲੜਕੀ ਨੂੰ ਬੱਸ ਅੱਡੇ ਤੋਂ ਅਗ਼ਵਾ ਕਰ ਲਿਆ ਸੀ ਜਿੱਥੇ ਉਹ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਤੋਂ ਬਾਅਦ ਉਸ ਨੂੰ ਗੱਡੀ 'ਚ ਬਿਠਾ ਕੇ ਦੂਜੇ ਜ਼ਿਲ੍ਹੇ ਦੀ ਹੱਦ ਨੇੜੇ ਸੁੰਨਸਾਨ ਜਗ੍ਹਾ 'ਤੇ ਲਿਜਾਇਆ ਗਿਆ ਤੇ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਸਮੂਹਿਕ ਬਲਾਤਕਾਰ ਦੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਸੀ।