ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਚੌਗਮ 'ਚ ਸੁਰੱਖਿਆ ਬਲਾਂ ਨੇ ਪੰਜ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਲਾਕੇ 'ਚ ਕੁਝ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਵੀ ਖਦਸ਼ਾ ਹੈ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਚੌਗਮ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਜਾਰੀ ਹੈ। ਇਸ ਦੌਰਾਨ ਬਾਰਾਮੁਲਾ ਤੇ ਕਾਜ਼ੀਗੁੰਡ ਦਰਮਿਆਨ ਰੇਲ ਸਰਵਿਸ ਰੋਕ ਦਿੱਤੀ ਗਈ ਹੈ। ਮੁਠਭੇੜ ਵਾਲੀ ਜਗ੍ਹਾ ਦੇ ਆਸ-ਪਾਸ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕੇ ਹਨ। ਇਸ ਦੇ ਚੱਲਦਿਆਂ ਦੱਖਣੀ ਕਸ਼ਮੀਰ 'ਚ ਇੰਟਰਨੈਟ ਸੇਵਾ ਵੀ ਰੋਕ ਦਿੱਤੀ ਗਈ ਹੈ।
ਪੁਲਿਸ ਮੁਤਾਬਕ ਮਾਰੇ ਗਏ ਅੱਤਵਾਦੀਆਂ 'ਚ ਲਸ਼ਕਰ ਤੇ ਹਿਜ਼ਬੁਲ ਮੁਜ਼ਾਹਿਦੀਨ ਦੇ ਅੱਤਵਾਦੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਇਲਾਕੇ ਦੀ ਘੇਰਾਬੰਦੀ ਕੀਤੀ ਤੇ ਖੋਜ ਅਭਿਆਨ ਚਲਾਇਆ। ਅਧਿਕਾਰੀਆਂ ਮੁਤਾਬਕ ਖੋਜ ਅਭਿਆਨ ਦਰਮਿਆਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਅੱਤਵਾਦੀਆਂ ਨੂੰ ਮਾਰ ਮੁਕਾਇਆ।
ਇਸ ਤੋਂ ਪਹਿਲਾਂ 13 ਸਤੰਬਰ ਨੂੰ ਜੰਮੂ-ਕਸ਼ਮੀਰ 'ਚ ਤਿੰਨ ਵੱਖ-ਵੱਖ ਮੁਠਭੇੜਾਂ 'ਚ ਸੁਰੱਖਿਆ ਬਲਾਂ ਨੇ ਅੱਠ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ।