Congress Steering Committee News : ਮਲਿਕਾਰਜੁਨ ਖੜਗੇ (Mallikarjun Kharge) ਦੇ ਕਾਂਗਰਸ ਪ੍ਰਧਾਨ ਬਣਨ ਨਾਲ ਕਾਂਗਰਸ ਵਿੱਚ ਅੰਦਰੂਨੀ ਝਗੜੇ ਦੀ ਨਵੀਂ ਨੀਂਹ ਰੱਖੀ ਗਈ ਹੈ। ਕਾਂਗਰਸ ਲੀਡਰਸ਼ਿਪ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਸੂਤਰਾਂ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਨਵੀਂ ਸਟੀਅਰਿੰਗ ਕਮੇਟੀ 'ਚ ਸ਼ਸ਼ੀ ਥਰੂਰ  (Shashi Tharoor) ਅਤੇ ਉਨ੍ਹਾਂ ਦੀ ਕੈਂਪੇਨ 'ਚ ਲੱਗੇ ਨੇਤਾਵਾਂ ਦੀ ਅਣਦੇਖੀ ਨੂੰ ਲੈ ਕੇ ਥਰੂਰ ਖੇਮੇ 'ਚ ਕਾਫੀ ਨਾਰਾਜ਼ਗੀ ਹੈ। ਖੜਗੇ ਨੇ ਬੁੱਧਵਾਰ (26 ਅਕਤੂਬਰ) ਨੂੰ ਹੀ ਅਹੁਦਾ ਸੰਭਾਲ ਲਿਆ ਹੈ।


 

ਸੋਨੀਆ ਗਾਂਧੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਲਿਕਾਰਜੁਨ ਖੜਗੇ ਨੇ ਪੁਰਾਣੀ ਕਾਰਜ ਕਮੇਟੀ ਦੇ ਮੈਂਬਰਾਂ ਦੇ ਅਸਤੀਫ਼ੇ ਦਿੰਦੇ ਹੀ ਪਾਰਟੀ ਨੂੰ ਚਲਾਉਣ ਲਈ ਸਭ ਤੋਂ ਪਹਿਲਾਂ ਨਵੀਂ ਸਟੀਅਰਿੰਗ ਕਮੇਟੀ ਬਣਾਈ ਪਰ ਖੜਗੇ ਦੇ ਇਸ ਪਹਿਲੇ ਫੈਸਲੇ ਨਾਲ ਹੀ ਪਾਰਟੀ ਵਿੱਚ ਨਵੇਂ ਝਗੜੇ ਅਤੇ ਖੇਮੇਬਾਜ਼ੀ ਦੀ ਨੀਂਹ ਰੱਖੀ ਗਈ।

ਥਰੂਰ ਅਤੇ ਉਨ੍ਹਾਂ ਦੇ ਕਰੀਬੀ ਨੇਤਾਵਾਂ ਨੂੰ ਨਹੀਂ ਮਿਲੀ ਜਗ੍ਹਾ 

ਸੂਤਰਾਂ ਮੁਤਾਬਕ ਥਰੂਰ ਖੇਮੇ ਦਾ ਮੰਨਣਾ ਹੈ ਕਿ ਜੇਕਰ ਨਵੇਂ ਪ੍ਰਧਾਨ ਖੜਗੇ ਸੱਚਮੁੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਇਰਾਦਾ ਰੱਖਦੇ ਤਾਂ ਉਹ ਸ਼ਸ਼ੀ ਥਰੂਰ ਅਤੇ ਉਨ੍ਹਾਂ ਦੇ ਨੇੜਲੇ ਕੁਝ ਨੇਤਾਵਾਂ ਨੂੰ ਨਵੀਂ ਸੰਚਾਲਨ ਕਮੇਟੀ 'ਚ ਜ਼ਰੂਰ ਸ਼ਾਮਲ ਕਰਦੇ। ਇਨ੍ਹਾਂ ਸੂਤਰਾਂ ਦਾ ਇਲਜ਼ਾਮ ਹੈ ਕਿ ਖੜਗੇ ਦੀ ਨਵੀਂ ਸਟੀਅਰਿੰਗ ਕਮੇਟੀ ਵਿੱਚ ਦਰਜਨ ਦੇ ਕਰੀਬ ਅਜਿਹੇ ਨਾਂ ਹਨ ,ਜੋ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਵਿੱਚ ਸ਼ਾਮਲ ਨਹੀਂ ਸਨ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਸਟੀਅਰਿੰਗ ਕਮੇਟੀ ਵਿੱਚ ਥਰੂਰ ਅਤੇ ਕੁਝ ਹੋਰ ਆਗੂਆਂ ਨੂੰ ਥਾਂ ਦਿੱਤੀ ਜਾ ਸਕਦੀ ਸੀ।

ਖੜਗੇ ਦੇ ਪ੍ਰਚਾਰ 'ਚ ਸ਼ਾਮਲ ਨੇਤਾਵਾਂ ਦਾ ਲਿਸਟ 'ਚ ਨਾਂ  

ਸੂਤਰਾਂ ਨੇ ਇਹ ਵੀ ਵੱਡਾ ਇਲਜ਼ਾਮ ਲਾਇਆ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਇਸ ਸਟੀਅਰਿੰਗ ਕਮੇਟੀ ਵਿੱਚ ਕਈ ਅਜਿਹੇ ਆਗੂ ਸ਼ਾਮਲ ਹਨ, ਜੋ ਖੜਗੇ ਦੀ ਮੁਹਿੰਮ ਵਿੱਚ ਸ਼ਾਮਲ ਸਨ। ਦੂਜੇ ਪਾਸੇ ਥਰੂਰ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਵੀ ਆਗੂ ਨੂੰ ਇਸ ਸਟੀਅਰਿੰਗ ਕਮੇਟੀ ਵਿੱਚ ਥਾਂ ਨਹੀਂ ਦਿੱਤੀ ਗਈ। ਸੂਤਰਾਂ ਨੇ ਇਹ ਵੀ ਦੋਸ਼ ਲਾਇਆ ਕਿ ਇਸ ਸਟੀਅਰਿੰਗ ਕਮੇਟੀ ਵਿੱਚ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਪੂਰੀ ਟੀਮ ਨੂੰ ਬਰਕਰਾਰ ਰੱਖਿਆ ਗਿਆ ਹੈ।

ਸ਼ਸ਼ੀ ਥਰੂਰ ਦੀ ਕਿਹੜੀ ਗੱਲ ਕਾਂਗਰਸ ਲੀਡਰਸ਼ਿਪ ਨੂੰ ਚੁਭੀ ?


ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਫਾਰਮ ਭਰਨ ਤੋਂ ਬਾਅਦ ਆਪਣੇ ਪਹਿਲੇ ਟੈਲੀਵਿਜ਼ਨ ਇੰਟਰਵਿਊ 'ਚ ਸ਼ਸ਼ੀ ਥਰੂਰ ਨੇ 'ਏਬੀਪੀ ਨਿਊਜ਼' ਨੂੰ ਕਿਹਾ ਸੀ ਕਿ ਹੁਣ ਕਾਂਗਰਸ 'ਚ ਹਾਈਕਮਾਂਡ ਕਲਚਰ ਦੀ ਐਕਸਪਾਇਰੀ ਡੇਟ ਆ ਗਈ ਹੈ। ਇਹੀ ਗੱਲ ਕਾਂਗਰਸ ਲੀਡਰਸ਼ਿਪ ਨੂੰ ਚੁਭਦੀ ਨਜ਼ਰ ਆ ਰਹੀ ਹੈ ਅਤੇ ਚੋਣ ਜਿੱਤਣ ਤੋਂ ਬਾਅਦ ਥਰੂਰ ਨੂੰ ਨਾਲ ਲੈ ਕੇ ਚੱਲਣ ਦੀ ਹਿੰਮਤ ਰੱਖਣ ਵਾਲੇ ਖੜਗੇ ਨੇ ਉਨ੍ਹਾਂ ਨੂੰ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਨੇੜਲੇ ਨੇਤਾਵਾਂ ਨੂੰ ਵੀ ਆਪਣੀ ਸਟੀਅਰਿੰਗ ਕਮੇਟੀ ਵਿੱਚ ਜਗ੍ਹਾ ਨਹੀਂ ਦਿੱਤੀ ।

ਪਾਰਟੀ 'ਚ ਵੱਧ ਸਕਦਾ ਵਿਵਾਦ  

ਧਿਆਨ ਯੋਗ ਹੈ ਕਿ ਇਸ ਸਟੀਅਰਿੰਗ ਕਮੇਟੀ ਵਿੱਚ ਜੀ-23 ਧੜੇ ਦੇ ਆਨੰਦ ਸ਼ਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਪਰ ਖੜਗੇ ਦੇ ਖਿਲਾਫ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਵਾਲੇ ਥਰੂਰ ਨੂੰ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਅੰਦਰਲਾ ਅੰਦਰੂਨੀ ਕਲੇਸ਼ ਸੁਲਝਣ ਦੀ ਬਜਾਏ ਵਧ ਸਕਦਾ ਹੈ।