ਜੱਫੀ ਦੇ ਬਹਾਨੇ BJP ਨੂੰ ਕਾਂਗਰਸ ਦੀ ਚੂੰਢੀ
ਏਬੀਪੀ ਸਾਂਝਾ | 22 Jul 2018 04:43 PM (IST)
ਨਵੀਂ ਦਿੱਲੀ: ਬੇਵਿਸਾਹੀ ਮਤੇ ਦੌਰਾਨ ਸੰਸਦ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਾਈ ਜੱਫੀ 'ਤੇ ਪਹਿਲਾਂ ਹੀ ਕਾਫੀ ਸਿਆਸਤ ਹੋ ਚੁੱਕੀ ਹੈ। ਮੀਡੀਆ ਦੀਆਂ ਸੁਰਖੀਆਂ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਗਲਿਆਰਿਆਂ ਵਿੱਚ ਵੀ ਸੰਸਦ ਅੰਦਰ ਵਾਪਰੀ ਇਸ ਘਟਨਾ ਨੇ ਲੋਕਾਂ ਦਾ ਖ਼ੂਬ ਧਿਆਨ ਖਿੱਚਿਆ। ਇਸੇ ਦੌਰਾਨ ਕਾਂਗਸ ਦੀ ਮੁੰਬਈ ਇਕਾਈ ਨੇ ਜੱਫੀ ਦਾ ਸਿਆਸੀ ਲਾਹਾ ਲੈਣ ਦਾ ਮਨ ਬਣਾ ਲਿਆ ਹੈ। ਮੁੰਬਈ ਕਾਂਗਰਸ ਨੇ ਜਾਰੀ ਕੀਤਾ ਨਵਾਂ ਪੋਸਟਰ- ਦਰਅਸਲ, ਮੁੰਬਈ ਕਾਂਗਰਸ ਵੱਲੋਂ ਤਾਜ਼ਾ ਪੋਸਟਰ ਜਾਰੀ ਕੀਤਾ ਗਿਆ ਹੈ। ਪਾਰਟੀ ਦੀ ਮੁੰਬਈ ਇਕਾਈ ਵੱਲੋਂ ਜਾਰੀ ਕੀਤੇ ਗਏ ਪੋਸਟਰ ਵਿੱਚ ਰਾਹੁਲ ਗਾਂਧੀ ਪੀਐਮ ਮੋਦੀ ਨੂੰ ਜੱਫੀ ਪਾਉਂਦੇ ਵਿਖਾਈ ਦੇ ਰਹੇ ਹਨ। ਇਸ ਖਾਸ ਤਸਵੀਰ ਦੀ ਵਰਤੋਂ ਕਰਦਿਆਂ ਮੁੰਬਈ ਕਾਂਗਰਸ ਨੇ ਪੋਸਟਰ 'ਤੇ ਲਿਖਿਆ ਹੈ ਕਿ ਨਫ਼ਰਤ ਨਾਲ ਨਹੀਂ, ਪਿਆਰ ਨਾਲ ਜਿੱਤਾਂਗੇ। ਇਲਾਹਾਬਾਦ ਕਾਂਗਰਸ ਨੇ ਜੱਫੀ ਨੂੰ ਦੱਸਿਆ ਸੰਸਕਾਰ- ਮੁੰਬਈ ਕਾਂਗਰਸ ਤੋਂ ਪਹਿਲਾਂ ਇਲਾਹਾਬਾਦ ਕਾਂਗਰਸ ਦੇ ਮੁੱਖ ਸਕੱਤਰ ਹਸੀਬ ਅਹਿਮਦ ਨੇ ਵੀ ਰਾਹੁਲ ਗਾਂਧੀ ਦੀ ਜੱਫੀ ਬਾਰੇ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਜਾਰੀ ਕੀਤਾ ਸੀ। ਇਸ ਪੋਸਟਰ ਰਾਹੀਂ ਰਾਹੁਲ ਗਾਂਧੀ ਨੂੰ ਨਾ ਸਿਰਫ ਸੰਸਕਾਰੀ ਦੱਸਿਆ, ਬਲਕਿ ਉਨ੍ਹਾਂ ਨੂੰ ਜਨੇਊਧਾਰੀ ਵੀ ਲਿਖਿਆ ਹੈ। ਨਹਿਰੂ-ਗਾਂਧੀ ਪਰਿਵਾਰ ਦੇ ਜੱਦੀ ਸ਼ਹਿਰ ਇਲਾਹਾਬਾਦ ਨੇ ਕਾਂਗਰਸ ਨੇਤਾਵਾਂ ਵੱਲੋਂ ਜਾਰੀ ਕੀਤੇ ਗਏ ਪੋਸਟਰ ਵਿੱਚ ਸਭ ਤੋਂ ਵੱਡੇ ਅੱਖਰਾਂ ਵਿੱਚ ਸੰਸਕਾਰ ਲਿਖਿਆ ਗਿਆ ਹੈ।