ਕੋਲਕਾਤਾ: ਦੇਸ਼ ਭਰ ’ਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਣ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਕਈ ਰਾਜਾਂ ਵਿੱਚ ਸਿਹਤ ਸੇਵਾਵਾਂ ਢਹਿ-ਢੇਰੀ ਹੋਣ ਦੀ ਹਾਲਤ ਵਿੱਚ ਪੁੱਜ ਗਈਆਂ ਹਨ। ਕਿਤੇ ਕਿਸੇ ਨੂੰ ਬਿਸਤਰਾ ਨਹੀਂ ਮਿਲ ਰਿਹਾ ਤੇ ਕਿਸੇ ਮਰੀਜ਼ ਲਈ ਆਕਸੀਜਨ ਦੀ ਘਾਟ ਹੋ ਰਹੀ ਹੈ। ਇਨ੍ਹਾਂ ਸਭ ਦੌਰਾਨ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਵੀ ਚੱਲ ਰਹੀਆਂ ਹਨ। ਚੋਣਾਂ ਦੌਰਾਨ ਹੁਣ ਬੰਗਾਲ ’ਚ ਵੀ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਉਣ ਲੱਗੇ ਹਨ। ਰਾਜ ਦੀ ਰਾਜਧਾਨੀ ਕੋਲਕਾਤਾ ਦਾ ਹਾਲ ਤਾਂ ਹੋਰ ਵੀ ਭੈੜਾ ਹੋ ਗਿਆ ਹੈ।
ਇੱਥੇ ਕੋਰੋਨਾ ਦੀ ਆਰਟੀ-ਪੀਸੀਆਰ ਜਾਂਚ ਕਰਵਾ ਰਹੇ ਹਰੇਕ ਦੋ ਵਿੱਚੋਂ ਇੱਕ ਵਿਅਕਤੀ ਪੌਜ਼ੇਟਿਵ ਪਾਇਆ ਜਾ ਰਿਹਾ ਹੈ। ਸੂਬਾ ਪੱਧਰ ’ਤੇ ਹਰੇਕ ਚਾਰ ਵਿੱਚੋਂ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆ ਰਹੀ ਹੈ। ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਪੰਜ ਗੁਣਾ ਵੱਧ ਹੈ।
ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਅਸਲ ਵਿੱਚ ਪਾਜ਼ਿਟਿਵਿਟੀ ਦਰ ਤਾਂ ਕਿਤੇ ਜ਼ਿਆਦਾ ਹੈ। ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਬਹੁਤ ਹਲਕੇ ਜਾਂ ਕੋਈ ਲੱਛਣ ਨਹੀਂ ਹੈ ਪਰ ਫਿਰ ਵੀ ਉਹ ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਹਨ ਪਰ ਉਨ੍ਹਾਂ ਨੇ ਹਾਲੇ ਤੱਕ ਜਾਂਚ ਨਹੀਂ ਕਰਵਾਈ ਹੈ। ਅਸੀਂ ਜ਼ਰੂਰਤ ਦੇ ਹਿਸਾਬ ਨਾਲ ਜਾਂਚ ਨਹੀਂ ਕਰ ਰਹੇ ਹਾਂ। ਸਾਨੂੰ ਇਸ ਵੇਲੇ ਕੋਰੋਨਾ ਦੀ ਜਾਂਚ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।
ਇੱਕ ਮਹੀਨੇ ’ਚ ਹੋਇਆ ਰਿਕਾਰਡ ਵਾਧਾ
ਇੱਕ ਅਪ੍ਰੈਲ ਨੂੰ ਬੰਗਾਲ ਵਿੱਚ 25,766 ਵਿਅਕਤੀਆਂ ਦਾ ਕੋਰੋਨਾ ਟੈਸਟ ਹੋਇਆ ਸੀ; ਜਿਸ ਵਿੱਚੋਂ ਸਿਰਫ਼ 1,274 ਵਿਅਕਤੀ ਪੌਜ਼ੇਟਿਵ ਪਾਏ ਗੲ ਸਨ। ਇਹ ਪੌਜ਼ੇਟਿਵਿਟੀ ਦਰ 4.9 ਫ਼ੀ ਸਦੀ ਸੀ। ਸਨਿੱਚਰਵਾਰ ਨੂੰ 55,060 ਲੋਕਾਂ ਦੀ ਜਾਂਚ ਹੋਈ; ਜਿਨ੍ਹਾਂ ਵਿੱਚੋਂ 14,281 ਲੋਕ ਪੌਜ਼ੇਟਿਵ ਮਿਲੇ। ਇਹ ਦਰ 25.9 ਫ਼ੀ ਸਦੀ ਹੈ।
ਪੀਅਰਲੈੱਸ ਹਸਪਤਾਲ ਦੇ ਮਾਈਕ੍ਰੋ–ਬਾਇਓਲੌਜਿਸਟ ਭਾਸਕਰ ਨਾਰਾਇਣ ਚੌਧਰੀ ਨੇ ਦੱਸਿਆ ਕਿ ਤੇਜ਼ੀ ਨਾਲ ਛੂਤਗ੍ਰਸਤ ਹੋਣ ਪਿਛਲਾ ਕਾਰਣ ਮਿਊਟੈਂਟ ਵਾਇਰਸ ਹੈ, ਜੋ ਕਾਫ਼ੀ ਘੱਟ ਸਮੇਂ ’ਚ ਵੱਧ ਤੋਂ ਵੱਧ ਲੋਕਾਂ ਨੂੰ ਛੂਤਗ੍ਰਸਤ ਬਣਾ ਰਿਹਾ ਹੈ
ਪੌਜ਼ੇਟੀਵਿਟੀ ਦਰ ਵਧ ਕੇ 55 ਫ਼ੀ ਸਦੀ ਤੱਕ ਪੁੱਜੀ
ਇੱਕ ਹੋਰ ਹਸਪਤਾਲ ਦੇ ਚੇਅਰਮੈਨ ਨੇ ਦੱਸਿਆ ਕਿ ਸਾਡੀ ਲੈਬ ਵਿੱਚ ਪੌਜ਼ੇਟਿਵੀ ਦਰ ਵਧ ਕੇ 50 ਫ਼ੀਸਦੀ ਤੱਕ ਪੁੱਜ ਗਈ ਹੈ। ਟੈਸਟਿੰਗ ਦੇ ਸੈਂਪਲ ਨੂੰ ਲੈ ਕੇ ਦਬਾਅ ਬਹੁਤ ਜ਼ਿਆਦਾ ਹੈ ਪਰ ਇਹ ਵਧੀਆ ਗੱਲ ਹੈ ਕਿ ਲੋਕ ਹੁਣ ਟੈਸਟਿੰਗ ਕਰਵਾਉਣ ਲਈ ਸਾਹਮਣੇ ਆ ਰਹੇ ਹਨ। ਜਿੰਨੀ ਜਲਦੀ ਪੌਜ਼ੇਟਿਵ ਲੋਕ ਏਕਾਂਤਵਾਸ ਵਿੱਚ ਜਾਣਗੇ, ਓਨਾ ਹੀ ਵਧੀਆ ਰਹੇਗਾ।
ਇੱਕ ਹੋਰ ਅਧਿਕਾਰੀ ਨੇ ਵੀ ਦੱਸਿਆ ਕਿ ਉਨ੍ਹਾਂ ਦੀ ਲੈਬ ਵਿੱਚ ਪੌਜ਼ੇਟੀਵਿਟੀ ਦਰ ਵਧ ਕੇ 55 ਫ਼ੀਸਦੀ ’ਤੇ ਪੁੱਜ ਗਈ ਹੈ। ਪੱਛਮੀ ਬੰਗਾਲ ਵਿੱਚ ਸਨਿੱਚਰਵਾਰ ਨੂੰ ਇੱਕੋ ਦਿਨ ਅੰਦਰ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 14,281 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੰਕ ਛੂਤਗ੍ਰਸਤ ਹੋ ਚੁੱਕੇ ਵਿਅਕਤੀਆਂ ਦੀ ਕੁੱਲ ਗਿਣਤੀ 7 ਲੱਖ, 28 ਹਜ਼ਾਰ 061 ਹੋ ਗਈ ਹੈ।
ਲਗਾਤਾਰ ਹੁੰਦੀਆਂ ਰਹੀਆਂ ਚੋਣ ਰੈਲੀਆਂ
ਪੱਛਮੀ ਬੰਗਾਲ ’ਚ ਇਨ੍ਹੀਂ ਦਿਨੀਂ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ। ਚੋਣ ਕਮਿਸ਼ਨ ਇਸ ਵਾਰ ਅੱਠ ਗੇੜਾਂ ’ਚ ਚੋਣਾਂ ਕਰਵਾ ਰਿਹਾ ਹੈ। ਸੱਤਵੇਂ ਗੇੜ ਲਈ ਵੋਟਿੰਗ ਭਲਕੇ ਸੋਮਵਾਰ ਨੂੰ 36 ਸੀਟਾਂ ਲਈ ਹੋਵੇਗੀ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਲਗਾਤਾਰ ਵੱਖੋ-ਵੱਖਰੀਆਂ ਪਾਰਟੀਆਂ ਦੇ ਆਗੂ ਰੈਲੀਆਂ ਕਰਦੇ ਰਹੇ। ਭਾਵੇਂ ਵੱਡੀ ਗਿਣਤੀ ’ਚ ਆਮ ਜਨਤਾ ਨੇ ਚੋਣ ਰੈਲੀਆਂ ਰੱਦ ਕਰਨ ਦੀ ਮੰਗ ਵੀ ਕੀਤੀ ਸੀ ਪਰ ਅੱਧੇ ਤੋਂ ਵੱਧ ਗੇੜ ਦੀ ਵੋਟਿੰਗ ਬੀਤ ਜਾਣ ਤੋਂ ਬਾਅਦ ਕਿਤੇ ਜਾ ਕੇ ਚੋਣ ਕਮਿਸ਼ਨ ਤੇ ਪਾਰਟੀਆਂ ਦੇ ਆਗੂਆਂ ਨੇ ਇ ਸਬੰਧੀ ਫ਼ੈਸਲੇ ਲਏ।
ਇਹ ਵੀ ਪੜ੍ਹੋ: ਕੋਰੋਨਾ ਨੂੰ ਮਾਤ ਦੇ ਕੇ ਪਰਤੇ ਨੌਜਵਾਨ ਨੇ ਦੱਸੀ ਸਾਰੀ ਕਹਾਣੀ, ਲੋਕਾਂ ਨੂੰ ਦਿੱਤੀ ਖਾਸ ਸਲਾਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904