ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਿਰੁੱਧ ਜਾਰੀ ਟੀਕਾਕਰਨ ਮੁਹਿੰਮ ਦੇ ਐਤਵਾਰ ਨੂੰ 100 ਦਿਨ ਪੂਰੇ ਹੋ ਜਾਣਗੇ। 23 ਅਪ੍ਰੈਲ ਦੀ ਰਾਤ ਤੱਕ 11.69 ਕਰੋੜ ਲੋਕਾਂ ਨੂੰ ਵੈਕਸੀਨ ਦੇ 13.84 ਕਰੋੜ ਡੋਜ਼ ਲੱਗ ਚੁੱਕੇ ਸਨ। ਦੋਵੇਂ ਡੋਜ਼ ਲਵਾਉਣ ਵਾਲਿਆਂ ਦੀ ਗਿਣਤੀ ਹਾਲੇ 2.15 ਕਰੋੜ ਹੈ। ਜਿਹੜੀ ਰਫ਼ਤਾਰ ਨਾਲ ਟੀਕੇ ਲੱਗ ਰਹੇ ਹਨ, ਉਸ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਐਤਵਾਰ ਰਾਤ ਤੱਕ 14.35 ਕਰੋੜ ਡੋਜ਼ ਲੱਗ ਜਾਣਗੀਆਂ। ਭਾਵ ਦੇਸ਼ ਦੀ ਲਗਪਗ 10% ਆਬਾਦੀ ਟੀਕੇ ਦੀ ਘੱਟੋ-ਘੱਟ ਇੱਕ ਡੋਜ਼ ਲਵਾ ਚੁੱਕੀ ਹੋਵੇਗੀ।


 


ਕੋਰੋਨਾ ਨਾਲ ਮੁਕੰਮਲ ਸੁਰੱਖਿਆ ਬੇਸ਼ਕ ਦੋਵੇਂ ਡੋਜ਼ ਲਵਾਉਣ ਤੋਂ ਬਾਅਦ ਹੀ ਮਿਲੇਗੀ ਪਰ ਤਾਜ਼ਾ ਅਧਿਐਨ ਦੱਸ ਰਹੇ ਹਨ ਕਿ ਇੱਕ ਡੋਜ਼ ਲਵਾਉਣ ਵਾਲੇ ਜਿਹੜੇ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗੀ ਹੈ, ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਲੋੜ ਨਹੀਂ ਪਈ। ਟੀਕੇ ਦੀ ਇੱਕ ਡੋਜ਼ ਵੀ ਕੋਰੋਨਾ ਮਹਾਮਾਰੀ ਦੇ ਵਾਇਰਸ ਦੀ ਲਾਗ ਤੋਂ ਬਚਾਊਣ ਲਈ ਕਾਫ਼ੀ ਸਿੱਧ ਹੋ ਰਹੀ ਹੈ। ਇਸੇ ਲਈ ਇੱਕ ਡੋਜ਼ ਲਗਵਾ ਚੁੱਕੇ ਲੋਕਾਂ ਦੀ ਜਾਨ ਵੀ ਕੋਰੋਨਾ ਤੋਂ ਲਗਪਗ ਸੁਰੱਖਿਅਤ ਮੰਨੀ ਜਾ ਰਹੀ ਹੈ।


 


ਫਿਕਰ ਵਾਲੀ ਗੱਲ ਇਹ ਹੈ ਕਿ 100 ਦਿਨਾਂ ਅੰਦਰ ਭਾਰਤ ਦੀ 2 ਫ਼ੀਸਦੀ ਆਬਾਦੀ ਨੂੰ ਵੀ ਦੋਵੇਂ ਡੋਜ਼ ਨਹੀਂ ਲੱਗ ਸਕੀਆਂ ਹਨ।  100 ਦਿਨਾਂ ਅੰਦਰ ਲੱਗੇ ਟੀਕਿਆਂ ਦੀ ਓਵਰਆਲ ਔਸਤ 13.84 ਲੱਖ/ਪ੍ਰਤੀ ਦਿਨ ਰਹੀ ਹੈ, ਜੋ ਬਹੁਤ ਘੱਟ ਹੈ। ਇਹੋ ਰਫ਼ਤਾਰ ਰਹੀ, ਤਾਂ ਪੂਰੇ ਦੇਸ਼ ਨੂੰ ਵੈਕਸੀਨ ਲਾਉਣ ਲਈ 3 ਸਾਲ 6 ਮਹੀਨੇ ਚਾਹੀਦੇ ਹੋਣਗੇ। ਦੇਸ਼ ਵਿੱਚ ਹਰ ਹੀਨੇ 8 ਕਰੋੜ ਟੀਕੇ ਬਣ ਰਹੇ ਹਨ। ਇਹ ਸਾਰੇ ਟੀਕੇ ਹਰ ਮਹੀਨੇ ਦੇਸ਼ ਦੀ 70 ਫ਼ੀਸਦੀ ਆਬਾਦੀ ਕਵਰ ਕਰਨ ਲਈ ਵਰਤੇ ਜਾਣਗੇ ਤੇ ਇਸ ਲਈ 1 ਸਾਲ 8 ਮਹੀਨਿਆਂ ਦਾ ਸਮਾਂ ਚਾਹੀਦਾ ਹੋਵੇਗਾ।


 


ਰਾਜਾਂ ਵਿੱਚ ਆਬਾਦੀ ਦੇ ਹਿਸਾਬ ਨਾਲ ਟੀਕੇ (%)


ਕੇਰਲ - 16
ਛੱਤੀਸਗੜ੍ਹ - 16
ਗੁਜਰਾਤ - 13
ਰਾਜਸਥਾਨ - 13
ਦਿੱਲੀ - 12
ਚੰਡੀਗੜ੍ਹ - 11
ਹਰਿਆਣਾ - 10
ਓਡੀਸ਼ਾ - 10
ਪੰਜਾਬ - 9
ਆਂਧਰਾ- 8
ਬੰਗਾਲ - 8
ਐਮਪੀ -8
ਝਾਰਖੰਡ - 7
ਬਿਹਾਰ-4
ਯੂਪੀ-4