ਵਾਰਾਣਸੀ: ਉੱਤਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਲਗਾਤਾਰ ਤਬਾਹੀ ਮਚਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਤੋਂ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤਕ ਦੇ ਜ਼ਿਲ੍ਹਿਆਂ 'ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਸਪਤਾਲਾਂ 'ਚ ਮਰੀਜ਼ਾਂ ਨੂੰ ਬਿਸਤਰੇ ਨਹੀਂ ਮਿਲ ਰਹੇ। ਜਿਨ੍ਹਾਂ ਨੂੰ ਮਿਲ ਰਹੇ ਹਨ, ਉਹ ਆਕਸੀਜਨ ਦੀ ਕਮੀ ਨਾਲ ਮਰ ਰਹੇ ਹਨ। ਸੂਬੇ ਦੇ ਲਗਪਗ ਹਰੇਕ ਹਸਪਤਾਲ 'ਚ ਵੱਡੀ ਗਿਣਤੀ 'ਚ ਵੈਂਟੀਲੇਟਰਾਂ ਦਾ ਸੰਕਟ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਵਾਰਾਣਸੀ ਹੈ। ਇੱਥੇ ਹਾਲਾਤ ਇਹ ਹਨ ਕਿ ਸਾਰੇ ਹਸਪਤਾਲ ਕੋਰੋਨਾ ਦੇ ਮਰੀਜ਼ਾਂ ਨਾਲ ਭਰੇ ਹੋਏ ਹਨ। ਹੁਣ ਨਵੇਂ ਮਰੀਜ਼ਾਂ ਨੂੰ ਆਸਾਨੀ ਨਾਲ ਬੈੱਡ ਮਿਲਣਾ ਮੁਸ਼ਕਲ ਹੋ ਗਿਆ ਹੈ। ਹਸਪਤਾਲਾਂ 'ਚ ਬੈੱਡਾਂ ਦੇ ਨਾਲ-ਨਾਲ ਵੈਂਟੀਲੇਟਰਾਂ ਤੇ ਆਕਸੀਜ਼ਨ ਦਾ ਸੰਕਟ ਵੀ ਡੂੰਘਾ ਹੁੰਦਾ ਜਾ ਰਿਹਾ ਹੈ।
ਲੋਕ ਦਵਾਈਆਂ ਲਈ ਵੀ ਭਟਕ ਰਹੇ ਹਨ। ਸਰਕਾਰੀ ਅੰਕੜਿਆਂ 'ਚ ਜਿੱਥੇ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਰੋਜ਼ਾਨਾ 10 ਤੋਂ 20 ਹੁੰਦੀ ਜਾ ਰਹੀ ਹੈ, ਉੱਥੇ ਹੀ ਸ਼ਮਸ਼ਾਨ ਘਾਟਾਂ ਤੇ ਕਬਰਿਸਤਾਨਾਂ 'ਚ ਲਾਸ਼ਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਸ਼ਮਸ਼ਾਨ ਘਾਟਾਂ 'ਤੇ ਅੰਤਮ ਸਸਕਾਰ ਲਈ ਵੇਟਿੰਗ ਲਿਸਟ ਤਿਆਰ ਕੀਤੀ ਜਾ ਰਹੀ ਹੈ। ਸ਼ਹਿਰ ਦੇ ਅੰਦਰ ਕਬਰਿਸਤਾਨ ਵੀ ਭਰ ਚੁੱਕੇ ਹਨ। ਹੁਣ ਲੋਕ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਲਾਸ਼ਾਂ ਨੂੰ ਦਫ਼ਨਾ ਰਹੇ ਹਨ।
ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਆਪਣਾ ਜ਼ਿਲ੍ਹਾ ਗੋਰਖਪੁਰ ਵੀ ਨਹੀਂ ਸੰਭਾਲਿਆ ਜਾ ਰਿਹਾ। ਹਰ ਰੋਜ਼ ਮਰੀਜ਼ ਹਸਪਤਾਲਾਂ ਦੇ ਗੇਟ 'ਤੇ ਬੈੱਡ ਮਿਲਣ ਦੀ ਉਡੀਕ 'ਚ ਮਰ ਰਹੇ ਹਨ। ਜ਼ਿਲ੍ਹੇ ਵਿਚ ਕੋਰੋਨਾ ਪੀੜ੍ਹਤ ਮਰੀਜ਼ਾਂ ਦੇ ਇਲਾਜ ਲਈ ਕੁੱਲ 1500 ਬੈੱਡ ਹਨ, ਜਿਨ੍ਹਾਂ 'ਚੋਂ ਰੋਜ਼ਾਨਾ ਲਗਭਗ 15 ਬੈੱਡ ਖਾਲੀ ਹਨ।
ਹਾਲਾਂਕਿ ਭਰਤੀ ਹੋਣ ਵਾਲਿਆਂ ਦੀ ਸੂਚੀ ਲੰਬੀ ਹੈ। ਇਨ੍ਹਾਂ 'ਚੋਂ ਲਗਭਗ 10% ਮਰੀਜ਼ਾਂ ਨੂੰ ਵੈਂਟੀਲੇਟਰ ਬੈੱਡਾਂ ਦੀ ਵੀ ਲੋੜ ਹੁੰਦੀ ਹੈ, ਪਰ ਉਹ ਵੀ ਨਹੀਂ ਮਿਲਦੇ। ਹਾਲਾਂਕਿ ਸਰਕਾਰੀ ਅੰਕੜਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਘੱਟ ਹੈ, ਪਰ ਸ਼ਮਸ਼ਾਨ ਘਾਟਾਂ ਤੇ ਕਬਰਿਸਤਾਨ 'ਚ ਦਿਨ-ਰਾਤ ਸਸਕਾਰ ਕੀਤੇ ਜਾ ਰਹੇ ਹਨ।