ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਵੱਧ ਰਹੀ ਲਾਗ ਤੇ ਯਾਤਰੀਆਂ ਦੀ ਕਮੀ ਕਾਰਨ ਰੇਲਵੇ ਨੇ 9 ਮਈ ਤੋਂ ਦਿੱਲੀ ਸਮੇਤ 23 ਵੱਡੇ ਸ਼ਹਿਰਾਂ ਤੋਂ ਚੱਲਣ ਵਾਲੀਆਂ 28 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ 'ਚ 8 ਜੋੜੀ ਸ਼ਤਾਬਦੀ, 2 ਜੋੜੀ ਜਨ-ਸ਼ਤਾਬਾਦੀ, 2 ਦੁਰੰਤੋ, 2 ਰਾਜਧਾਨੀ ਤੇ 1 ਵੰਦੇ ਭਾਰਤ ਰੇਲ ਗੱਡੀ ਸ਼ਾਮਲ ਹੈ। ਇਹ ਰੇਲ ਗੱਡੀਆਂ ਅਗਲੇ ਹੁਕਮਾਂ ਤਕ ਨਹੀਂ ਚੱਲਣਗੀਆਂ।
ਇਨ੍ਹਾਂ 'ਚ ਦਿੱਲੀ ਤੋਂ ਕਾਲਕਾ, ਹਬੀਬਗੰਜ, ਅੰਮ੍ਰਿਤਸਰ, ਚੰਡੀਗੜ੍ਹ ਤੋਂ ਜਾਣ ਵਾਲੀ ਸ਼ਤਾਬਦੀ, ਦਿੱਲੀ ਤੋਂ ਚੇਨਈ, ਬਿਲਾਸਪੁਰ ਜਾਣ ਵਾਲੀ ਰਾਜਧਾਨੀ ਤੇ ਜੰਮੂ ਤਵੀ ਤੇ ਪੁਣੇ ਵਰਗੀਆਂ ਥਾਵਾਂ 'ਤੇ ਜਾਣ ਵਾਲੀ ਸ਼ਤਾਬਦੀ ਸ਼ਾਮਲ ਹੈ।
ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਕੇਸਾਂ ਕਾਰਨ ਯਾਤਰੀਆਂ ਦੀ ਕਮੀ ਤੇ ਲਗਾਤਾਰ ਵੱਧ ਰਹੇ ਮਹਾਂਮਾਰੀ ਦੇ ਅੰਕੜਿਆਂ ਨੂੰ ਵੇਖਦਿਆਂ ਰੇਲਵੇ ਨੇ ਇਨ੍ਹਾਂ ਟਰੇਨਾਂ ਨੂੰ 9 ਮਈ ਤੋਂ ਅਗਲੇ ਹੁਕਮਾਂ ਤਕ ਰੱਦ ਕਰ ਦਿੱਤਾ ਹੈ।
ਕੇਂਦਰੀ ਰੇਲਵੇ ਨੇ 23 ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ 'ਚ ਨਾਗਪੁਰ-ਕੋਲਹਾਪੁਰ ਸਪੈਸ਼ਲ 29 ਜੂਨ ਤਕ, ਸੀਐਸਐਮਟੀ-ਕੋਲਹਾਪੁਰ ਸਪੈਸ਼ਲ 1 ਜੁਲਾਈ ਤਕ, ਸੀਐਸਐਮਟੀ-ਪੁਣੇ ਸਪੈਸ਼ਲ 30 ਜੂਨ ਤੱਕ ਸ਼ਾਮਲ ਹਨ।
ਸ਼ਤਾਬਦੀ ਅਤੇ ਜਨ ਸ਼ਤਾਬਦੀ ਰੇਲ ਗੱਡੀਆਂ ਰੱਦ
9 ਮਈ ਤੋਂ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ 'ਚ ਨਵੀਂ ਦਿੱਲੀ-ਹਬੀਬਗੰਜ ਸ਼ਤਾਬਦੀ ਸਪੈਸ਼ਲ, ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਸਪੈਸ਼ਲ, ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਸਪੈਸ਼ਲ, ਨਵੀਂ ਦਿੱਲੀ-ਦੇਹਰਾਦੂਨ ਸ਼ਤਾਬਦੀ ਸਪੈਸ਼ਲ, ਨਵੀਂ ਦਿੱਲੀ-ਕਾਠਗੋਡਮ ਸ਼ਤਾਬਦੀ ਸਪੈਸ਼ਲ ਅਤੇ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਸਪੈਸ਼ਲ ਸ਼ਾਮਲ ਹਨ। ਇਸੇ ਤਰ੍ਹਾਂ 10 ਮਈ ਤੋਂ ਦਿੱਲੀ-ਦੇਹਰਾਦੂਨ ਜਨ-ਸ਼ਤਾਦਬੀ ਸਪੈਸ਼ਲ ਤੇ ਨਵੀਂ ਦਿੱਲੀ-ਊਨਾ ਜਨ-ਸ਼ਤਾਬਦੀ ਸਪੈਸ਼ਲ 9 ਮਈ ਤੋਂ ਅਗਲੇ ਹੁਕਮਾਂ ਤਕ ਰੱਦ ਰਹੇਗੀ।
ਦੁਰੋਂਤੋ ਤੇ ਵੰਦੇ ਭਾਰਤ ਐਕਸਪ੍ਰੈਸ ਦੀਆਂ ਇਹ ਰੇਲ ਗੱਡੀਆਂ ਰੱਦ
ਰੇਲਵੇ ਨੇ ਕਿਹਾ ਕਿ ਨਿਜ਼ਾਮੂਦੀਨ-ਪੁਣੇ ਦੁਰੰਤੋ ਸਪੈਸ਼ਲ 10 ਮਈ ਤੋਂ ਅਤੇ ਸਰਾਏ ਰੋਹਿਲਾ-ਜੰਮੂ ਦੁਰੰਤੋ ਸਪੈਸ਼ਲ 9 ਮਈ ਤੋਂ ਰੱਦ ਕੀਤੀਆਂ ਗਈਆਂ ਹਨ। ਨਿਜ਼ਾਮੂਦੀਨ-ਚੇਨਈ ਰਾਜਧਾਨੀ ਸਪੈਸ਼ਲ 12 ਮਈ ਤੋਂ ਅਤੇ ਨਵੀਂ ਦਿੱਲੀ-ਬਿਲਾਸਪੁਰ ਰਾਜਧਾਨੀ ਸਪੈਸ਼ਲ 11 ਮਈ ਤੋਂ ਰੱਦ ਰਹੇਗੀ। ਦਿੱਲੀ-ਕਟੜਾ ਵੰਦੇ ਭਾਰਤ ਸਪੈਸ਼ਲ ਐਕਸਪ੍ਰੈਸ ਨੂੰ 9 ਮਈ ਤੋਂ ਅਗਲੇ ਹੁਕਮਾਂ ਤਕ ਰੱਦ ਕਰ ਦਿੱਤਾ ਗਿਆ ਹੈ।