ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਸੁਨਾਮੀ ਤਬਾਹੀ ਮਚਾ ਰਹੀ ਹੈ। ਇਕ ਦਿਨ ਸਭ ਤੋਂ ਵੱਧ ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 3,82,315 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 3780 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਹਾਲਾਂਕਿ ਇਸ ਦੌਰਾਨ 3,38,439 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਦੇਸ਼ 'ਚ 1 ਮਈ ਨੂੰ ਰਿਕਾਰਡ 3689 ਸੰਕਰਮਿਤ ਲੋਕਾਂ ਦੀ ਮੌਤ ਹੋਈ ਸੀ।

 ਦੇਸ਼ 'ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ

ਕੁਲ ਕੋਰੋਨਾ ਮਾਮਲੇ - 2 ਕਰੋੜ 6 ਲੱਖ 65 ਹਜ਼ਾਰ 148

ਕੁੱਲ ਠੀਕ ਹੋਏ ਮਰੀਜ਼ - 1 ਕਰੋੜ 69 ਲੱਖ 51 ਹਜ਼ਾਰ 731

ਕੁੱਲ ਐਕਟਿਵ ਮਾਮਲੇ - 34 ਲੱਖ 87 ਹਜ਼ਾਰ 229

ਕੁੱਲ ਮੌਤਾਂ - 2 ਲੱਖ 26 ਹਜ਼ਾਰ 188

ਕੁੱਲ ਟੀਕਾਕਰਨ - 15 ਕਰੋੜ 49 ਲੱਖ 89 ਹਜ਼ਾਰ 635 ਖੁਰਾਕਾਂ ਦਿੱਤੀਆਂ

 ਮਹਾਂਰਾਸ਼ਟਰ 'ਚ ਕੋਵਿਡ ਮੌਤਾਂ ਦਾ ਅੰਕੜਾ ਵਧਿਆ

ਮਹਾਂਰਾਸ਼ਟਰ 'ਚ ਕੋਵਿਡ ਨਾਲ ਮੌਤਾਂ ਅਤੇ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲਾਂਕਿ ਮੁੰਬਈ ਦੀ ਸਥਿਤੀ 'ਚ ਸੁਧਾਰ ਹੋਇਆ ਹੈ। ਮੰਗਲਵਾਰ ਨੂੰ ਸੂਬੇ 'ਚ ਮੌਤਾਂ ਦੀ ਕੁਲ ਗਿਣਤੀ 71,000 ਤਕ ਪਹੁੰਚ ਗਈ। ਸੂਬੇ 'ਚ ਸੋਮਵਾਰ ਨੂੰ 567 ਮੌਤਾਂ ਹੋਈਆਂ, ਜਦਕਿ ਮੰਗਲਵਾਰ ਨੂੰ 891 ਮੌਤਾਂ ਹੋਈਆਂ। ਇਸ ਦੇ ਨਾਲ ਮੌਤਾਂ ਦੀ ਕੁੱਲ ਗਿਣਤੀ 71,742 ਤਕ ਪਹੁੰਚ ਗਈ ਹੈ। ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਕ ਵਾਰ ਫਿਰ 50,000 ਨੂੰ ਪਾਰ ਕਰਕੇ 51,880 ਹੋ ਗਈ ਹੈ। ਸੂਬੇ 'ਚ ਸੰਕਰਮਿਤਾਂ ਦੀ ਕੁਲ ਗਿਣਤੀ ਹੁਣ 48,22,902 ਹੋ ਗਈ ਹੈ।

ਦੇਸ਼ 'ਚ 16 ਜਨਵਰੀ ਤੋਂ ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਹੋਈ ਸੀ। 4 ਮਈ ਤਕ ਦੇਸ਼ ਭਰ 'ਚ 16 ਕਰੋੜ 4 ਲੱਖ 94 ਹਜ਼ਾਰ 188 ਕੋਰੋਨਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 14 ਲੱਖ 84 ਹਜ਼ਾਰ 989 ਟੀਕੇ ਲਗਾਏ ਗਏ। 1 ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਉਣ ਲਈ ਦੂਜੇ ਗੇੜ ਦੀ ਮੁਹਿੰਮ ਸ਼ੁਰੂ ਹੋਈ ਸੀ। ਹੁਣ 1 ਮਈ ਤੋਂ 18 ਸਾਲ ਤੋਂ ਉੱਪਰ ਵਾਲੇ ਲੋਕਾਂ ਨੂੰ ਵੀ ਟੀਕਾ ਲਗਾਇਆ ਜਾ ਰਿਹਾ ਹੈ।

ਬਹੁਤ ਸਾਰੇ ਸੂਬਿਆਂ 'ਚ ਲੌਕਡਾਊਨ ਅਤੇ ਮਿੰਨੀ ਲੌਕਡਾਊਨ

ਦੇਸ਼ ਭਰ 'ਚ ਲੌਕਡਾਊਨ ਲਗਾਏ ਜਾਣ ਦੀ ਮੰਗ ਵਿਚਾਲੇ ਭਾਰਤ ਦੇ ਵੱਡੇ ਹਿੱਸੇ 'ਚ ਅਜਿਹੀਆਂ ਪਾਬੰਦੀਆਂ ਜਾਰੀ ਹਨ। ਰਾਸ਼ਟਰੀ ਰਾਜਧਾਨੀ 'ਚ 19 ਅਪ੍ਰੈਲ ਤੋਂ ਲੌਕਡਾਊਨ ਲੱਗਿਆ ਹੋਇਆ ਹੈ ਅਤੇ ਇਹ 10 ਮਈ ਤਕ ਜਾਰੀ ਰਹੇਗਾ। ਬਿਹਾਰ 'ਚ 4 ਮਈ ਤੋਂ 15 ਮਈ ਤਕ ਲੌਕਡਾਊਨ ਲਗਾਇਆ ਗਿਆ ਹੈ।

ਉੱਤਰ ਪ੍ਰਦੇਸ਼ 'ਚ ਵੀਕੈਂਡ ਲੌਕਡਾਊਨ ਦੋ ਦਿਨ ਹੋਰ ਵਧਾ ਕੇ ਵੀਰਵਾਰ ਤੋਂ ਐਤਵਾਰ ਤਕ ਕਰ ਦਿੱਤਾ ਗਿਆ ਹੈ। ਹਰਿਆਣਾ 'ਚ 3 ਮਈ ਤੋਂ 7 ਦਿਨ ਲਈ ਲੌਕਡਾਊਨ ਲਾਗੂ ਹੈ। ਓੜੀਸਾ 'ਚ ਅੱਜ ਤੋਂ 19 ਮਈ ਤਕ 14 ਦਿਨਾਂ ਦਾ ਲੌਕਡਾਊਨ ਲਾਗੂ ਕੀਤਾ ਗਿਆ ਹੈ। ਰਾਜਸਥਾਨ 'ਚ 17 ਮਈ ਤਕ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਪੰਜਾਬ 'ਚ 15 ਮਈ ਤਕ ਮਿੰਨੀ ਲੌਕਡਾਊਨ ਲਗਾਇਆ ਗਿਆ ਹੈ। ਝਾਰਖੰਡ 'ਚ ਲੌਕਡਾਊਨ 22 ਅਪ੍ਰੈਲ ਤੋਂ 6 ਮਈ ਤਕ ਲਾਗੂ ਹੈ।