ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਵੈਕਸੀਨ ਦੀ ਮਨਜ਼ੂਰੀ ਤੋਂ ਬਾਅਦ ਹੁਣ ਛੇਤੀ ਹੀ ਟੀਕਾਕਰਨ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਦੇਸ਼ ’ਚ ਕੋਰੋਨਾ ਦੇ ਮਾਮਲੇ ਵੀ ਘਟਣ ਲੱਗੇ ਹਨ। ਬੀਤੇ ਦਿਨੀਂ ਭਾਰਤ ’ਚ ਅਮਰੀਕਾ, ਇੰਗਲੈਂਡ, ਰੂਸ ਤੇ ਬ੍ਰਾਜ਼ੀਲ ਤੋਂ ਘੱਟ ਕੇਸ ਆਏ ਹਨ। ਪਿਛਲੇ ਸੱਤ ਦਿਨਾਂ ’ਚ ਦੂਜੀ ਵਾਰ 17 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 16,504 ਨਵੇਂ ਕੋਰੋਨਾ ਕੇਸ ਆਏ ਹਨ, 214 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ। ਚੰਗੀ ਗੱਲ ਇਹ ਹੈ ਕਿ ਬੀਤੇ ਦਿਨੀਂ 19,557 ਮਰੀਜ਼ ਕੋਰੋਨਾ ਤੋਂ ਠੀਕ ਵੀ ਹੋਏ ਹਨ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ’ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 1 ਕਰੋੜ 3 ਲੱਖ 40 ਹਜ਼ਾਰ ਹੋ ਗਏ ਹਨ। ਇਨ੍ਹਾਂ ਵਿੱਚੋਂ ਹੁਣ ਤੱਕ ਇੱਕ ਲੱਖ 49 ਹਜ਼ਾਰ 649 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਇਸ ਵੇਲੇ ਹਸਪਤਾਲਾਂ ’ਚ ਦਾਖ਼ਲ ਕੁੱਲ ਮਰੀਜ਼ਾਂ ਦੀ ਗਿਣਤੀ ਘਟ ਕੇ ਸਿਰਫ਼ 2 ਲੱਖ 43 ਹਜ਼ਾਰ ਰਹਿ ਗਈ ਹੈ। ਹੁਣ ਤੱਕ ਕੁੱਲ 99 ਲੱਖ 46 ਹਜ਼ਾਰ ਲੋਕ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਭਾਰਤੀ ਮੈਡੀਕਲ ਖੋਜ ਕੌਂਸਲ (ICMR) ਅਨੁਸਾਰ 3 ਜਨਵਰੀ ਤੱਕ ਕੋਰੋਨਾ ਵਾਇਰਸ ਲਈ ਕੁੱਲ 17 ਕਰੋੜ 56 ਲੱਖ ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 7.35 ਲੱਖ ਸੈਂਪਲ ਕੱਲ੍ਹ ਟੈਸਟ ਕੀਤੇ ਗਏ। ਦੇਸ਼ ਵਿੱਚ ਪਾਜ਼ਿਟੀਵਿਟੀ ਦਰ 7 ਫ਼ੀਸਦੀ ਹੈ।  33 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ 20,000 ਤੋਂ ਘੱਟ ਸਰਗਰਮ ਮਾਮਲੇ ਹਨ। ਕੋਰੋਨਾ ਵਾਇਰਸ ਦੇ ਕੁੱਲ ਸਰਗਰਮ ਮਾਮਲਿਆਂ ਵਿੱਚੋਂ 40 ਫ਼ੀਸਦੀ ਮਾਮਲੇ ਕੇਰਲ ਤੇ ਮਹਾਰਾਸ਼ਟਰ ਤੋਂ ਹਨ।

ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਕੇਰਲ ’ਚ ਸਭ ਤੋਂ ਵੱਧ ਮਰੀਜ਼ ਠੀਕ ਹੋਏ ਹਨ।