ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਸਫਲਤਾ ਮਿਲੀ ਹੈ। ਕੇਂਦਰ ਦੀ ਮਨਜ਼ੂਰੀ ਨਾਲ ਦਿੱਲੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਪੀੜਤਾਂ ਦੇ ਇਲਾਜ ਦੀ ਪਰਖ ਕੀਤੀ ਸੀ। ਇਸ ਬਾਰੇ ਪਿਛਲੇ ਦਿਨੀਂ ਕੇਜਰੀਵਾਲ ਨੇ ਚੰਗੇ ਨਤੀਜੇ ਆਉਣ ਦਾ ਦਾਅਵਾ ਕੀਤਾ ਸੀ। ਹੁਣ ਭਾਰਤ ਵਿੱਚ ਪਲਾਜ਼ਮਾ ਥੈਰੇਪੀ ਨਾਲ ਠੀਕ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।


ਦੱਸ ਦਈਏ ਕਿ ਕੋਵਿਡ-19 ਬਿਮਾਰੀ ਨੂੰ ਪਲਾਜ਼ਮਾ ਥੈਰੇਪੀ ਰਾਹੀਂ ਮਾਤ ਦੇਣ ਵਾਲਾ ਵਿਅਕਤੀ ਦਿੱਲੀ ਦਾ ਹੈ। ਉਹ 4 ਅਪ੍ਰੈਲ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਸੀ ਅਤੇ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਕੋਰੋਨਾ ਵਾਇਰਸ ਦੀ ਲਾਗ ਲੱਗਣ ਮਗਰੋਂ ਉਕਤ ਵਿਅਕਤੀ ਨੂੰ ਬੁਖ਼ਾਰ ਤੇ ਸਾਹ ਦੀ ਦਿੱਕਤ ਹੋਈ ਸੀ। ਇਸ ਮਗਰੋਂ ਨਿਮੂਨੀਆ ਦੇ ਵੀ ਲੱਛਣ ਦਿਖਾਈ ਦੇਣ ਲੱਗੇ ਤੇ ਉਸ ਦੀ ਸਿਹਤ ਵਿਗੜਣ ਲੱਗੀ।

ਹਾਲਤ ਗੰਭੀਰ ਹੁੰਦੇ ਦੇਖ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ। ਸਿਹਤ ਵਿੱਚ ਸੁਧਾਰ ਨਾ ਦੇਖ ਡਾਕਟਰਾਂ ਨੇ ਪਲਾਜ਼ਮਾ ਥੈਰੇਪੀ ਦਾ ਵਿਕਲਪ ਅਪਨਾਉਣ ਦਾ ਫੈਸਲਾ ਕੀਤਾ। ਮਰੀਜ਼ ਦੇ ਵਾਰਿਸਾਂ ਨੇ ਪਲਾਜ਼ਮਾ ਦਾਨੀ ਨੂੰ ਲੱਭਿਆ। ਪਲਾਜ਼ਮਾ ਦਾਨੀ ਔਰਤ ਤਿੰਨ ਹਫ਼ਤੇ ਪਹਿਲਾਂ ਹੀ ਕੋਵਿਡ-19 ਨੂੰ ਮਾਤ ਦੇ ਕੇ ਠੀਕ ਹੋਈ ਸੀ। ਕਈ ਜਾਂਚ-ਪ੍ਰੀਖਣਾਂ ਮਗਰੋਂ ਮਹਿਲਾ ਦਾਨੀ ਨੂੰ ਪਲਾਜ਼ਮਾ ਦੇਣ ਦੀ ਆਗਿਆ ਮਿਲੀ।

ਮੈਕਸ ਹੈਲਥਕੇਅਰ ਦੇ ਗਰੁੱਪ ਮੈਡੀਕਲ ਡਾਇਰੈਕਟਰ ਸੰਦੀਪ ਬੁੱਧੀਰਾਜਾ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਨਾਲ ਇੱਕ ਨਵੀਂ ਤਰ੍ਹਾਂ ਦੇ ਇਲਾਜ ਨਾਲ ਉਮੀਦ ਜਾਗੀ ਹੈ ਪਰ ਫਿਰ ਵੀ ਅਸੀਂ ਇਹ ਨਹੀਂ ਮੰਨਦੇ ਕਿ ਪਲਾਜ਼ਮਾ ਥੈਰੇਪੀ ਜਾਦੂ ਦੀ ਛੜੀ ਨਹੀਂ। ਉਨ੍ਹਾਂ ਦੱਸਿਆ ਕਿ ਇੱਕ ਦਾਨੀ 400 ਮਿਲੀਲੀਟਰ ਪਲਾਜ਼ਮਾ ਦਾਨ ਕਰ ਸਕਦੇ ਹਨ ਤੇ ਇੱਕ ਮਰੀਜ਼ ਦੇ ਇਲਾਜ ਲਈ 200 ਮਿਲੀਲੀਟਰ ਪਲਾਜ਼ਮਾ ਲੋੜੀਂਦਾ ਹੁੰਦਾ ਹੈ।