ਨਵੀਂ ਦਿੱਲੀ: ਭਾਰਤ ਵਿੱਚ ਹੌਲੀ ਹੌਲੀ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਭਾਰਤ ਵਿੱਚ ਕੁੱਲ 315 ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ। ਸ਼ੁੱਕਰਵਾਰ ਸ਼ਾਮ ਤੱਕ ਭਾਰਤ ਵਿੱਚ ਕੁਲ 236 ਕੋਰੋਨਾ ਦੇ ਮਰੀਜ਼ ਸਨ। ਪਰ ਅੱਗਲੇ ਹੀ ਦਿਨ ਸ਼ਨੀਵਾਰ ਨੂੰ ਵੱਡਾ ਵਾਧਾ ਵੇਖਣ ਨੂੰ ਮਿਲੀਆ ਅਤੇ ਮਰੀਜ਼ ਦਾ ਅੰਕੜਾ 300 ਨੂੰ ਪਾਰ ਕਰ ਗਿਆ।

ਇਨ੍ਹਾਂ 315 ਕੋਰੋਨਾ ਮਰੀਜ਼ਾਂ ਵਿਚੋਂ 39 ਵਿਦੇਸ਼ੀ ਮੂਲ ਦੇ ਨਾਗਰਿਕ ਹਨ। ਰਾਹਤ ਦੀ ਗੱਲ ਇਹ ਹੈ ਕਿ 23 ਵਿਅਕਤੀ ਠੀਕ ਵੀ ਹੋਏ ਹਨ। ਇਸ ਦੇ ਨਾਲ ਹੀ ਇਸ ਵਾਇਰਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਇਹ ਬਿਮਾਰੀ ਭਾਰਤ ਦੇ 22 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀ ਫੈਲ ਗਈ ਹੈ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਦੇ ਹਨ ਜਿਥੇ 63 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਇਸ ਦੇ ਨਾਲ ਹੀ ਕੇਰਲ ਵਿੱਚ 40, ਉੱਤਰ ਪ੍ਰਦੇਸ਼ ਵਿੱਚ 24, ਦਿੱਲੀ ਵਿੱਚ 26, ਤੇਲੰਗਾਨਾ ਵਿੱਚ 21, ਰਾਜਸਥਾਨ ਵਿੱਚ 17, ਹਰਿਆਣਾ ਵਿੱਚ 17, ਪੰਜਾਬ ਵਿੱਚ 13 ਅਤੇ ਕਰਨਾਟਕ ਵਿੱਚ 15 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮਾਮਲੇ ਵਿੱਚ, ਪੁਡੂਚੇਰੀ ਵਿੱਚ 1, ਲੱਦਾਖ ਵਿੱਚ 13, ਜੰਮੂ-ਕਸ਼ਮੀਰ ਵਿੱਚ 4 ਅਤੇ ਚੰਡੀਗੜ੍ਹ ਵਿੱਚ 1 ਕੇਸ ਸਾਹਮਣੇ ਆਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਕੋਰਨਾ ਟੈਸਟ ਕਰਨ ਲਈ 111 ਲੈਬਾਂ ਹਨ। ਇਸ ਦੇ ਨਾਲ ਹੀ, ਕੇਂਦਰ ਸਰਕਾਰ ਨੇ ਇਸ ਬਿਮਾਰੀ ਨਾਲ ਨਜਿੱਠਣ ਲਈ ਕਈ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਥਾਵਾਂ 'ਤੇ ਅਲੱਗ-ਥਲੱਗ ਅਤੇ ਕੁਆਰੰਟੀਨ ਦੀ ਸਹੂਲਤ ਦਿੱਤੀ ਹੈ। ਇਸ ਦੇ ਨਾਲ ਹੀ ਇਸ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਜਨਤਾ ਕਰਫਿਉ ਵਿੱਚ ਰਹਿਣ ਦੀ ਅਪੀਲ ਕੀਤੀ ਹੈ।

ਇਨ੍ਹਾਂ ਅੰਕੜਿਆਂ ਤੋਂ ਇਹ ਸਪਸ਼ਟ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ ਇਸ ਸਮੇਂ ਦੇਸ਼ ਵਿੱਚ ਦੂਜੇ ਪੜਾਅ 'ਤੇ ਹੈ। ਪਰ ਜਿਸ ਢੰਗ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਇਹ ਵੇਖਿਆ ਜਾਂਦਾ ਹੈ ਕਿ ਭਾਰਤ ਵਿੱਚ, ਕੋਰੋਨਾ ਕਦੇ ਵੀ ਤੀਜੇ ਪੜਾਅ ਤੇ ਪਹੁੰਚ ਸਕਦਾ ਹੈ।