ਨਵੀਂ ਦਿੱਲੀ: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਰੋਜ਼ਾਨਾ ਵਧ ਰਹੇ ਹਨ। ਭਾਰਤ 'ਚ ਹਜ਼ਾਰਾਂ ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋ ਗਈ ਹੈ। ਅਜਿਹੇ 'ਚ ਕੋਰੋਨਾ ਵਾਇਰਸ ਤੋਂ ਨਿਜ਼ਾਤ ਪਾਉਣ ਲਈ ਸਾਰਿਆਂ ਦੀਆਂ ਉਮੀਦਾਂ ਕੋਰੋਨਾ ਵੈਕਸੀਨ 'ਤੇ ਹਨ।


ਦਾਅਵਾ ਕੀਤਾ ਜਾ ਰਿਹਾ ਕਿ ਸੀਰਮ ਇੰਸਟੀਟਿਊਟ ਇੰਡੀਆ ਵੱਲੋਂ ਦੱਸੀ ਜਾ ਰਹੀ 'COVISHIELD' ਵੈਕਸੀਨ 73 ਦਿਨਾਂ 'ਚ ਆ ਜਾਵੇਗੀ। ਹੁਣ ਖੁਦ 'ਸੀਰਮ ਇੰਸਟੀਟਿਊਟ ਇੰਡੀਆਂ' ਨੇ ਇਸ ਦਾਅਵੇ 'ਤੇ ਆਪਣੀ ਸਫਾਈ ਦਿੱਤੀ ਹੈ।


ਸੀਰਮ ਇੰਸਟੀਟਿਊਟ ਨੇ ਕੀ ਕਿਹਾ:


ਸੀਰਮ ਇੰਸਟੀਟਿਊਟ ਆਫ ਇੰਡੀਆਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ, 'ਇੰਸਟੀਟਿਊਟ ਸਪਸ਼ਟ ਕਰਦਾ ਹੈ ਕਿ ਮੀਡੀਆ 'ਚ 'COVISHIELD' ਦੇ ਉਪਲਬਧ ਹੋਣ ਦੇ ਮੌਜੂਦਾ ਦਾਅਵੇ ਗਲਤ ਹਨ। ਔਕਸਫੋਰਡ-ਐਸਟ੍ਰਾਜੈਨੇਕਾ ਵੈਕਸੀਨ ਲਈ ਫੇਜ਼-3 ਦੇ ਟ੍ਰਾਇਲ ਚੱਲ ਰਹੇ ਹਨ। ਸਰਕਾਰ ਨੇ ਅਜੇ ਸਾਨੂੰ ਸਿਰਫ਼ ਵੈਕਸੀਨ ਦਾ ਨਿਰਮਾਣ ਕਰਨ ਤੇ ਭਵਿੱਖ 'ਚ ਉਪਯੋਗ ਲਈ ਭੰਡਾਰ ਦੀ ਇਜਾਜ਼ਤ ਦਿੱਤੀ ਹੈ।


ਸੀਰਮ ਇੰਸਟੀਟਿਊਟ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤਕ ਕੋਰੋਨਾ ਵੈਕਸੀਨ ਤਿਆਰ ਕਰ ਲਈ ਜਾਵੇਗੀ। ਸੀਰਮ ਇੰਸਟੀਟਿਊਟ ਐਸਟ੍ਰਜੈਨੇਕਾ-ਔਕਸਫੋਰਡ ਵੈਕਸੀਨ 'ਤੇ ਕੰਮ ਕਰ ਰਹੀ ਹੈ ਜਿਸ ਦਾ ਤੀਜੇ ਗੇੜ ਦਾ ਕਲੀਨੀਕਲ ਪਰੀਖਣ ਚੱਲ ਰਿਹਾ ਹੈ। ਇਸ ਦਾ ਭਾਰਤ 'ਚ ਸਤੰਬਰ 'ਚ ਮਨੁਖੀ ਪਰੀਖਣ ਸ਼ੁਰੂ ਹੋਣ ਦੀ ਉਮੀਦ ਹੈ।


ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕਹਿ ਚੁੱਕੇ ਹਨ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਸਾਲ ਦੇ ਅੰਤ ਤਕ ਕੋਰੋਨਾ ਵੈਕਸੀਨ ਉਪਲਬਧ ਹੋ ਜਾਵੇਗੀ। ਉਧਰ ICMR ਭਾਰਤ ਤੇ ਵਿਦੇਸ਼ਾਂ 'ਚ ਕੋਰੋਨਾ ਦੇ ਟੀਕੇ ਦੇ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਇਕ ਪੋਰਟਲ ਬਣਾ ਰਿਹਾ ਹੈ, ਜਿਸ 'ਤੇ ਅੰਗਰੇਜ਼ੀ ਤੋਂ ਇਲਾਵਾ ਕਈ ਖੇਤਰੀ ਭਾਸ਼ਾਵਾਂ 'ਚ ਜਾਣਕਾਰੀ ਦਿੱਤੀ ਜਾਵੇਗੀ। ਪੋਰਟਲ ਅਗਲੇ ਹਫ਼ਤੇ ਤਕ ਸ਼ੁਰੂ ਹੋ ਜਾਵੇਗਾ।


ਕੋਰੋਨਾ ਵਾਇਰਸ: ਭਾਰਤ 'ਚ 31 ਲੱਖ ਤੋਂ ਵੱਧ ਕੇਸ, 57 ਹਜ਼ਾਰ ਤੋਂ ਜ਼ਿਆਦਾ ਮੌਤਾਂ, ਸਿਲਸਿਲਾ ਜਾਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ