ਦੇਸ਼ 'ਚ ਅੱਜ 16 ਜਨਵਰੀ ਤੋਂ ਕੋਰੋਨਾ ਵੈਕਸੀਨ ਲੱਗਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਪਹਿਲੇ ਦਿਨ ਦੇਸ਼ ਦੇ ਤਿੰਨ ਲੱਖ ਤੋਂ ਜ਼ਿਆਦਾ ਹੈਲਥ ਵਰਕਰਸ ਨੂੰ ਕੋਵਿਡ-19 ਦੇ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ। ਪੀਐਮ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਸਵੇਰੇ ਸਾਢੇ 10 ਵਜੇ ਪਹਿਲੇ ਗੇੜ ਦੇ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਕਰਨਗੇ।


ਇਸ ਕੋਰੋਨਾ ਕਾਲ 'ਚ ਦੇਸ਼ ਦਾ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਲੋਕਾਂ ਦਾ ਰੁਜ਼ਗਾਰ ਚਲਾ ਗਿਆ, ਕਰੋੜਾਂ ਲੋਕਾਂ ਨੂੰ ਆਪਣੇ ਕੰਮ ਧੰਦੇ ਛੱਡ ਕੇ ਪਿੰਡ ਪਰਤਣਾ ਪਿਆ। ਦੇਸ਼ ਦੀ ਜੀਡੀਪੀ 'ਚ ਇਤਿਹਾਸਕ ਗਿਰਾਵਟ ਆਈ। ਪਰ ਅੱਜ ਉਮੀਦ ਦਾ ਦਿਨ ਹੈ।


ਵੈਕਸੀਨ ਲਾਉਣ ਦੀ ਪ੍ਰਕਿਰਿਆ


ਵੈਕਸੀਨ ਸੈਂਟਰ 'ਤੇ ਵੈਕਸੀਨ ਅਫਸਰ ਵਨ ਦੀ ਭੂਮਿਕਾ ਹੋਵੇਗੀ। ਉਹ ਤੁਹਾਡਾ ਰਜਿਸਟ੍ਰੇਸ਼ਨ ਚੈੱਕ ਕਰਕੇ ਤੈਅ ਕਰੇਗਾ ਕਿ ਤਹਾਨੂੰ ਭੇਜਿਆ ਜਾਵੇ ਜਾਂ ਨਹੀਂ। ਜੇਕਰ ਤੁਸੀਂ ਇਸ ਜਾਂਚ ਵਿਚ ਪਾਸ ਹੋ ਗਏ ਤਾਂ ਤਹਾਨੂੰ ਅਗਲੇ ਅਧਿਕਾਰੀ ਕੋਲ ਭੇਜਿਆ ਜਾਵੇਗਾ। ਇਸ ਤੋਂ ਬਾਅਦ ਵੈਕਸੀਨ ਆਫਸਰ 2 ਤੁਹਾਡੇ ਆਧਾਰ ਕਾਰਡ ਦੀ ਜਾਂਚ ਕਰੇਗਾ। ਕੀ ਤੁਸੀਂ ਓਹੀ ਵਿਅਕਤੀ ਹੋ ਜਾਂ ਨਹੀਂ? ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਪੈਨਕਾਰਡ, ਡ੍ਰਾਇਵਿੰਗ ਲਾਇਸੰਸ, ਪਾਸਪੋਰਟ ਦੀ ਕਾਪੀ ਦਿਖਾਉਣੀ ਹੋਵੇਗੀ ਤੇ ਜੇਕਰ ਇਹ ਵੀ ਨਹੀਂ ਤਾਂ ਤਹਾਨੂੰ ਸਰਵਿਸ ਆਈਕਾਰਡ ਦਿਖਾਉਣਾ ਹੋਵੇਗਾ। ਜੇਕਰ ਇਹ ਵੀ ਨਹੀਂ ਤਾਂ ਤਹਾਨੂੰ ਉਸ ਸੰਸਥਾ ਵੱਲੋਂ ਚਿੱਠੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਵੈਕਸੀਨੇਟਰ ਅਫਸਰ ਤਹਾਨੂੰ ਵੈਕਸੀਨ ਲਾਵੇਗਾ। ਇਹ ਅਧਿਕਾਰੀ ਵੈਕਸੀਨ ਲਾਉਣ ਤੋਂ ਬਾਅਦ ਵੈਕਸੀਨ ਅਫਸਰ-2 ਨੂੰ ਵੈਕਸੀਨ ਲਾਉਣ ਦੀ ਸੂਚਨਾ ਦੇਵੇਗਾ ਤਾਂ ਕਿ ਉਹ ਇਸ ਨੂੰ ਆਪਣੇ ਰਿਕਾਰਡ 'ਚ ਅਪਡੇਟ ਕਰ ਲੈਣ।


ਜਿੰਨ੍ਹਾਂ ਨੂੰ ਵੈਕਸੀਨ ਲਾਈ ਜਾਵੇਗੀ ਉਨ੍ਹਾਂ ਨੂੰ ਮਿਲੇਗਾ ਸਰਟੀਫਿਕੇਟ


ਵੈਕਸੀਨ ਸੈਂਟਰ 'ਤੇ ਦੋ ਹੋਰ ਅਧਿਕਾਰੀ ਹੋਣਗੇ। ਜਿੰਨ੍ਹਾਂ ਦੀ ਜ਼ਿੰਮੇਵਾਰੀ ਵੇਟਿੰਗ ਏਰੀਆ 'ਚ ਲੋਕਾਂ ਨੂੰ ਬਿਠਾਉਣ, ਵੈਕਸੀਨ ਲੱਗੇ ਲੋਕਾਂ ਨੂੰ ਕੋਈ ਰੀਐਕਸ਼ਨ ਤਾਂ ਨਹੀਂ ਹੋਇਆ ਜਾਂ ਕੋਈ ਦਿੱਕਤ ਤਾਂ ਨਹੀਂ ਆਈ, ਅੱਧੇ ਘੰਟੇ ਤਕ ਇਹ ਸਭ ਦੇਖਣਗੇ। ਇਸ ਤੋਂ ਬਾਅਦ ਜਿੰਨ੍ਹਾਂ ਨੂੰ ਵੈਕਸੀਨ ਲੱਗੀ ਹੈ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਲਈ ਜਿਸ ਨੰਬਰ ਨੂੰ ਰਜਿਸਟਰ ਕਰਵਾਇਆ ਗਿਆ ਹੈ ਉਸ 'ਤੇ ਲਿੰਕ ਭੇਜਿਆ ਜਾਵੇਗਾ ਜਿਸ ਨੂੰ ਖੋਲ੍ਹਣ ਤੇ ਤਹਾਨੂੰ ਵੈਕਸੀਨ ਦਾ ਸਰਟੀਫਿਕੇਟ ਤੇ ਅਗਲੀ ਡੋਜ਼ ਕਦੋਂ ਲਾਉਣੀ ਹੈ ਤੇ ਕਿੱਥੇ ਲਾਉਣੀ ਹੈ ਇਸ ਦੀ ਜਾਣਕਾਰੀ ਮਿਲੇਗੀ।


ਰੀਐਕਸ਼ਨ ਨਾਲ ਨਜਿੱਠਣ ਲਈ ਸੈਂਟਰ 'ਤੇ ਮੌਜੂਦ ਪੂਰੇ ਇੰਤਜ਼ਾਮ


ਵੈਕਸੀਨ ਲਾਏ ਜਾਣ ਤੋਂ ਅਗਲੇ ਅੱਧੇ ਘੰਟੇ 'ਚ ਜੇਕਰ ਕਿਸੇ ਨੂੰ ਕੋਈ ਰੀਐਕਸ਼ਨ ਹੁੰਦਾ ਹੈ ਤਾਂ ਉਸ ਦੇ ਲੋੜੀਂਦੇ ਇੰਤਜ਼ਾਮ ਵੈਕਸੀਨ ਸੈਂਟਰ 'ਤੇ ਹੋਣਗੇ। ਜਿਸ 'ਚ ਉਹ ਸਾਰੀਆਂ ਦਵਾਈਆਂ ਹੋਣਗੀਆਂ ਜੋ ਕਿਸੇ ਵੀ ਤਰ੍ਹਾਂ ਦੇ ਰੀਐਕਸ਼ਨ ਨੂੰ ਬੇਅਸਰ ਕਰਨ ਲਈ ਕਾਫੀ ਹੈ। ਜ਼ਰੂਰੀ ਇਹ ਹੈ ਕਿ ਜੇਕਰ ਇਨ੍ਹਾਂ ਸ਼੍ਰੇਣੀਆਂ 'ਚ ਆਉਂਦੇ ਹੋ ਤਾਂ ਵੈਕਸੀਨ ਸੈਂਟਰ ਤਕ ਜ਼ਰੂਰ ਜਾਓ। ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚੋ।