ਨਵੀਂ ਦਿੱਲੀ: ਕੋਰੋਨਾ ਵਾਇਰਸ ਫੈਲਣ ਦੀ ਲੜੀ ਤੋੜਨ ਲਈ ਕਈ ਰਾਜਾਂ ਨੇ ਮੁਕੰਮਲ ਲੌਕਡਾਊਨ ਤੇ ਸਖ਼ਤ ਪਾਬੰਦੀਆਂ ਲਾਉਣ ਜਿਹੇ ਕਦਮ ਚੁੱਕੇ ਹਨ। ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਨੇ 10 ਮਈ ਭਾਵ ਅੱਜ ਸੋਮਵਾਰ ਤੋਂ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਹੈ, ਜੋ 24 ਮਈ ਤੱਕ ਲਾਗੂ ਰਹੇਗਾ। ਉੱਧਰ ਕਰਨਾਟਕ ’ਚ ਸ਼ੁੱਕਰਵਾਰ ਸ਼ਾਮ ਤੋਂ ਤੇ ਕੇਰਲ ’ਚ ਸਨਿੱਚਰਵਾਰ ਸਵੇਰ ਤੋਂ ਲੌਕਡਾਊਨ ਲਾਗੂ ਹੋ ਗਿਆ ਹੈ।


ਚੇਨਈ ਤੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਲੌਕਡਾਊਨ ਤੋਂ ਬਿਨਾ ਹੋਰ ਕੋਈ ਵਿਕਲਪ ਨਹੀਂ। ਜ਼ਿਲ੍ਹਾ ਅਧਿਕਾਰੀਆਂ ਨਾਲ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਕਰਨ ਤੇ ਸਿਹਤ ਸੇਵਾ ਨਾਲ ਜੁੜੇ ਮਾਹਿਰਾਂ ਦੀ ਸਲਾਹ ਦੇ ਆਧਾਰ ਉੱਤੇ ਲੌਕਡਾਊਨ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ।


ਤਾਮਿਲਨਾਡੂ ’ਚ ਜ਼ਰੂਰੀ ਸਾਮਾਨ ਤੇ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਤੇ ਨਿੱਜੀ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਸ਼ਰਾਬ ਦੀਆਂ ਸਰਕਾਰੀ ਦੁਕਾਨਾਂ, ਬਾਰ, ਸਪਾਅ, ਜਿਮ, ਬਿਊਟੀ ਪਾਰਲਰ, ਸੈਲੂਨ, ਸਿਨੇਮਾ ਹਾੱਲ, ਕਲੱਬ, ਪਾਰਕ, ਬੀਚ (ਸਮੁੰਦਰੀ ਕੰਢੇ) ਵੀ ਇਸ ਦੌਰਾਨ ਬੰਦ ਰਹਿਣਗੇ।


ਵਿਰੋਧੀ ਧਿਰ ਅੰਨਾ ਡੀਐਮਕੇ ਤੇ ਪੀਐਮਕੇ ਨੇ ਮੁਕੰਮਲ ਲੌਕਡਾਊਨ ਦਾ ਸੁਆਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਦੀ ਲੜੀ ਤੋੜਨ ’ਚ ਮਦਦ ਮਿਲੇਗੀ ਪਰ ਇਨ੍ਹਾਂ ਦੋਵੇਂ ਪਾਰਟੀਆਂ ਦੀ ਸਹਿਯੋਗੀ ਭਾਜਪਾ ਨੇ ਲੌਕਡਾਊਨ ਦੇ ਫ਼ੈਸਲੇ ਨੂੰ ਕਾਹਲੀ ’ਚ ਚੁੱਕਿਆ ਗਿਆ ਕਦਮ ਦੱਸਿਆ ਹੈ। ਸੂਬਾ ਭਾਜਪਾ ਦਾ ਕਹਿਣਾ ਹੈ ਕਿ ਇਸ ਵਿੱਚ ਰੋਜ਼ਾਨਾ ਦੇ ਦਿਹਾੜੀਦਾਰਾਂ ਤੇ ਕਮਜ਼ੋਰ ਵਰਗਾਂ ਨੂੰ ਮਦਦ ਪਹੁੰਚਾਉਣ ਲਈ ਕੋਈ ਉਪਾਅ ਨਹੀਂ ਕੀਤਾ ਗਿਆ ਹੈ। ਲੌਕਡਾਊਨ ਦੌਰਾਨ ਟੀਕਾਕਰਣ ਮੁਹਿੰਮ ਕਿਵੇਂ ਚੱਲੇਗੀ, ਇਸ ਬਾਰੇ ਵੀ ਕੁਝ ਨਹੀਂ ਕਿਹਾ ਗਿਆ ਹੈ।


ਉੱਧਰ ਰਾਜਸਥਾਨ ਸਰਕਾਰ ਨੇ ਵੀ 10 ਤੋਂ 24 ਮਈ ਤੱਕ ਲਈ ਰਾਜ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਰਹੇਗਾ। ਕਰਿਆਨਾ, ਦੁੱਧ, ਸਬਜ਼ੀ, ਫਲ ਤੇ ਹੋਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਕੁਝ ਸਮੇਂ ਲਈ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ।


ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਚਾਰ ਜ਼ਿਲ੍ਹਿਆਂ ਕਾਂਗੜਾ, ਊਨਾ, ਸੋਲਨ ਤੇ ਸਿਰਮੌਰ ’ਚ ਲੌਕਡਾਊਨ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਦੂਜੇ ਖੇਤਰਾਂ ’ਚ ਕੋਰੋਨਾ ਕਰਫ਼ਿਊ ਅਧੀਨ ਨਵੀਂਆਂ ਪਾਬੰਦੀਆਂ ਵੀ ਲਾਗੂ ਕਰੇਗੀ।