ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਵਿੱਚ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਨਜ਼ਰ ਆ ਰਹੀ ਹੈ। ਹੁਣ ਨਵਾਂ ਖੁਲਾਸਾ ਹੋਇਆ ਹੈ ਕਿ ਸਰਕਾਰ ਕੋਰੋਨਾ ਨਾਲ ਮੌਤਾਂ ਦਾ ਅਸਲ ਅੰਕੜਾ ਛੁਪਾ ਰਹੀ ਹੈ। ਇਹ ਚਰਚਾ ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਦਾਅਵੇ ਨਾਲ ਛਿੜੀ ਹੈ। ਐਸੋਸੀਏਸ਼ਨ ਨੇ ਮੋਦੀ ਸਰਕਾਰ ਨੂੰ ਪੱਤਰ ਲਿਖ ਕੇ ਸਵਾਲ ਕੀਤਾ ਹੈ ਕਿ ਮੌਤਾਂ ਦੀ ਗਿਣਤੀ ਬਾਰੇ ਅਸਲੀਅਤ ਕਿਉਂ ਛੁਪਾਈ ਜਾ ਰਹੀ ਹੈ? ਆਈਐਮਏ ਨੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਮਸ਼ਵਰਾ ਦਿੱਤਾ ਹੈ।


 


ਇਸ ਦੇ ਨਾਲ ਹੀ ਭਾਰਤੀ ਮੈਡੀਕਲ ਐਸੋਸੀਏਸ਼ਨ ਵੱਲੋਂ ਕੇਂਦਰੀ ਸਿਹਤ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ਸਿਹਤ ਪ੍ਰਬੰਧਾਂ ਤੇ ਡਾਕਟਰਾਂ ਨੂੰ ਸਾਹ ਦਿਵਾਉਣ ਲਈ ਦੇਸ਼ ਵਿੱਚ ਤੁਰੰਤ ਤਾਲਾਬੰਦੀ ਕਰਨ ਦੀ ਮੰਗ ਕੀਤੀ ਹੈ। ਦੇਸ਼ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚਾਰ ਹਜ਼ਾਰ ਤੇ ਕੇਸ ਚਾਰ ਲੱਖ ਤੋਂ ਵੱਧ ਆਉਣ ਤੋਂ ਬਾਅਦ ਐਸੋਸੀਏਸ਼ਨ ਨੇ ਸਰਕਾਰ ਨੂੰ ਇਹ ਪੱਤਰ ਲਿਖਿਆ ਹੈ।


 


ਆਈਐਮਏ ਨੇ ਪੱਤਰ ਵਿੱਚ ਲਿਖਿਆ, ‘‘ਐਸੋਸੀਏਸ਼ਨ ਪਿਛਲੇ 20 ਦਿਨਾਂ ਤੋਂ ਸਿਹਤ ਢਾਂਚੇ ਨੂੰ ਰਾਹਤ ਦੇਣ ਲਈ ਸੂਬਿਆਂ ਦੀ ਬਜਾਏ ਦੇਸ਼ ਵਿੱਚ ਤਾਲਾਬੰਦੀ ਉੱਤੇ ਜ਼ੋਰ ਦੇ ਰਹੀ ਹੈ। ਤਾਲਾਬੰਦੀ ਹੀ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕੇਗੀ। ਤਾਲਾਬੰਦੀ ਨਾ ਲਾਏ ਜਾਣ ਕਾਰਨ ਹੀ ਰੋਜ਼ਾਨਾ ਚਾਰ ਲੱਖ ਕੇਸ ਆ ਰਹੇ ਹਨ।’’ ਆਈਐਮਏ ਨੇ ਵੱਖ-ਵੱਖ ਵੈਕਸੀਨ ਕੀਮਤ ਨੀਤੀ ਤੇ ਆਕਸੀਜਨ ਸੰਕਟ ’ਤੇ ਵੀ ਸਵਾਲ ਉਠਾਏ ਹਨ।


 


ਐਸੋਸੀਏਸ਼ਨ ਨੇ ਕੋਵਿਡ ਅੰਕੜੇ ਛੁਪਾਉਣ ਬਾਰੇ ਸਵਾਲ ਕੀਤਾ, ‘‘ਅਸੀਂ ਕਰੋਨਾ ਦੀ ਪਹਿਲੀ ਲਹਿਰ ਦੌਰਾਨ 756 ਤੇ ਦੂਜੀ ਲਹਿਰ ਦੌਰਾਨ 146 ਡਾਕਟਰ ਗੁਆ ਚੁੱਕੇ ਹਾਂ। ਛੋਟੇ ਹਸਪਤਾਲਾਂ ਵਿੱਚ ਸੈਂਕੜੇ ਮੌਤਾਂ ਹੋ ਰਹੀਆਂ ਹਨ ਤੇ ਸ਼ਮਸ਼ਾਨਘਾਟ ਭਰੇ ਪਏ ਹਨ। ਸੀਟੀ ਸਕੈਨ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਵਜੂਦ ਇਸ ਨੂੰ ਕੇਸਾਂ ਵਿੱਚ ਗਿਣਿਆ ਨਹੀਂ ਜਾਂਦਾ। ਸਾਡੇ ਕੋਲੋਂ ਮੌਤਾਂ ਦੀ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ? ਜੇਕਰ ਲੋਕ ਮੌਤਾਂ ਦੀ ਅਸਲ ਗਿਣਤੀ ਬਾਰੇ ਜਾਣਗੇ ਤਾਂ ਹੀ ਜਾਗਣਗੇ।’’