ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਗਾਤਾਰ ਬੈਠਕਾਂ 'ਚ ਜੁੱਟੇ ਹਨ। ਪੀਐਮ ਮੋਦੀ ਅੱਜ ਫਿਰ ਮਹਾਮਾਰੀ ਨੂੰ ਲੈਕੇ ਹਾਲਾਤ ਦੀ ਸਮੀਖਿਆ ਲਈ ਤਿੰਨ ਬੈਠਕਾਂ ਕਰਨਗੇ। ਕੋਰੋਨਾ ਦਾ ਵੱਧ ਖਤਰਾ ਝੱਲ ਰਹੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨਾਲ ਵਰਚੂਅਲ ਮੀਟਿੰਗ ਕਰਕੇ ਰਣਨੀਤੀ ਬਣਾਉਣਗੇ। ਪੀਐਮਓ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਵਿਡ-19 ਦੇ ਮਸਲੇ 'ਤੇ ਇਕ ਬੈਠਕ ਕਰਨਗੇ। ਦਸ ਵਜੇ ਉਹ ਕੋਵਿਡ-19 ਨੂੰ ਲੈਕੇ ਪ੍ਰਮੁੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ।


ਮੁੱਖ ਮੰਤਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਸ ਦਾ ਹੱਲ ਦੱਸਣਗੇ। ਦੁਪਹਿਰ ਸਾਢੇ 12 ਵਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਕਸੀਜਨ ਸੰਕਟ ਨੂੰ ਲੈਕੇ ਵੀ ਬੈਠਕ ਕਰਨਗੇ। ਇਸ ਦੌਰਾਨ ਉਹ ਦੇਸ਼ਭਰ ਦੇ ਪ੍ਰਮੁੱਖ ਆਕਸੀਜਨ ਨਿਰਮਾਤਾਵਾਂ ਨਾਲ ਵਰਚੂਅਲ ਮੀਟਿੰਗ ਕਰਨਗੇ। ਦੇਸ਼ ਚ ਕੋਵਿਡ-19 ਇਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ।


ਹਾਲਾਤ ਇਸ ਕਦਰ ਵਿਗੜ ਰਹੇ ਹਨ ਕਿ 24 ਘੰਟੇ ਚ ਹੁਣ ਤਿੰਨ ਲੱਖ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਤਰ ਪ੍ਰਦੇਸ਼, ਦਿੱਲੀ ਸਮੇਤ ਕਈ ਸੂਬਿਆਂ ਚ ਗੰਭੀਰ ਮਰੀਜ਼ਾਂ ਲਈ ਆਕਸੀਜਨ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਨੂੰ ਦੇਖਦਿਆਂ ਹੁਣ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਬੈਠਕਾਂ ਕਰਕੇ ਹਾਲਾਤ ਜਾਣਨ ਦੀ ਕੋਸ਼ਿਸ਼ ਚ ਜੁੱਟੇ ਹਨ।


ਵੀਰਵਾਰ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ


ਦੇਸ਼ ਭਰ 'ਚ 13 ਕਰੋੜ ਕੋਰੋਨਾ ਟੀਕੇ ਲਾਏ ਜਾਣ ਦੇ ਬਾਵਜੂਦ ਮਹਾਮਾਰੀ ਦਾ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਦਿਨ ਕੋਰੋਨਾ ਦੇ ਅੰਕੜੇ ਨਵਾਂ ਰਿਕਾਰਡ ਕਾਇਮ ਕਰ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟਿਆਂ 'ਚ 31,48,35 ਨਵੇਂ ਕੋਰੋਨਾ ਕੇਸ ਆਏ ਤੇ 2104 ਪੀੜਤਾਂ ਦੀ ਮੌਤ ਹੋ ਗਈ। ਹਾਲਾਂਕਿ 1,78,841 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ 259,167 ਨਵੇਂ ਕੇਸ ਆਏ ਸਨ।