ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਦੇ ਹਾਲਾਤ ਬੇਕਾਬੂ ਹੋ ਚੁੱਕੇ ਹਨ। ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਹੁਣ ਦੇਸ਼ ਵਿੱਚ 100 ਵਿੱਚੋਂ 21 ਤੋਂ ਵੀ ਵੱਧ ਕੇਸ ਪੌਜ਼ੇਟਿਵ ਪਾਏ ਜਾ ਰਹੇ ਹਨ। ਇਸ ਹਫ਼ਤੇ ਕੋਰੋਨਾ ਲਾਗ ਦੀ ਜਾਂਚ ਦਰ 21.51 ਹੋ ਗਈ ਹੈ। ਪਿਛਲੇ ਹਫ਼ਤੇ ਇਹ ਪੌਜ਼ੇਟਿਵਿਟੀ ਦਰ 18.32 ਫ਼ੀਸਦ ਸੀ। ਯਾਨੀ ਪਹਿਲਾਂ 100 ਲੋਕਾਂ ਦੀ ਜਾਂਚ ਵਿੱਚ 18 ਲੋਕ ਕੋਰੋਨਾ ਨਾਲ ਪੀੜਤ ਪਾਏ ਜਾਂਦੇ ਸਨ ਪਰ ਹੁਣ ਇਹ ਅੰਕੜਾ ਵੱਧ ਗਿਆ ਹੈ।


ਪਹਿਲੀ ਵਾਰ ਸਭ ਤੋਂ ਵੱਧ ਮਰੀਜ਼ ਪਾਏ ਗਏ ਤੇ ਸਭ ਤੋਂ ਵੱਧ ਹੀ ਤੰਦਰੁਸਤ ਹੋਏ


ਵੀਰਵਾਰ ਨੂੰ ਦੇਸ਼ ਵਿੱਚ ਪਹਿਲੀ ਵਾਰ 3 ਲੱਖ 86 ਹਜ਼ਾਰ 854 ਕੋਰੋਨਾਵਾਇਰਸ ਨਾਲ ਨਵੇਂ ਪੀੜਤ ਪਾਏ ਗਏ ਹਨ। 24 ਘੰਟੇ ਵਿੱਚ ਮਿਲੇ ਮਰੀਜ਼ਾਂ ਦਾ ਇਹ ਸਭ ਤੋਂ ਵੱਡਡਾ ਅੰਕੜਾ ਹੈ। ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ 3.79 ਲੱਖ ਮਰੀਜ਼ਾਂ ਦੀ ਪਛਾਣ ਹੋਈ ਸੀ।


ਇਸ ਤੋਂ ਇਲਾਵਾ 24 ਘੰਟਿਆਂ ਵਿੱਚ 3,501 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋਈ ਹੈ। ਇਹ ਲਗਾਤਾਰ ਤੀਜਾ ਦਿਨ ਹੈ ਜਦ ਮੌਤਾਂ ਦਾ ਅੰਕੜਾ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 2 ਲੱਖ 91 ਹਜ਼ਾਰ 484 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।  


ਇੰਜ ਹੀ ਵਧਦੇ ਰਹੇ ਕੇਸ ਤਾਂ ਮੁਸ਼ਕਿਲਾਂ ਵਧਣਗੀਆਂ


ਦੇਸ਼ ਵਿੱਚ ਜਦ 10 ਲੱਖ ਐਕਟਿਵ ਕੇਸ ਹੋਏ ਸਨ, ਉਦੋਂ ਤੋਂ ਹੀ ਹਸਪਤਾਲਾਂ ਵਿੱਚ ਬੈੱਡ, ਆਕਸੀਜਨ, ਦਵਾਈਆਂ ਅਤੇ ਵੈਂਟੀਲੇਟਰਾਂ ਦੀ ਕਮੀ ਹੋਣ ਲੱਗੀ ਸੀ। ਪਰ ਹੁਣ ਇਹ ਅੰਕੜਾ 31 ਲੱਖ ਤੋਂ ਵੀ ਵੱਧ ਹੋ ਚੁੱਕਿਆ ਹੈ। ਇਸ ਦੇ ਨਾਲ ਹਰ ਦਿਨ ਇੱਕ ਲੱਖ ਤੋਂ ਵੱਧ ਮਰੀਜ਼ਾਂ ਦਾ ਇਜ਼ਾਫਾ ਹੋ ਰਿਹਾ ਹੈ।


ਜੇਕਰ, ਐਕਟਿਵ ਪਾਜ਼ੇਟਿਵ ਕੇਸ ਇਸੇ ਤਰ੍ਹਾਂ ਵਧਦੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਦੇਸ਼ ਨੂੰ ਗੰਭੀਰ ਸਿਹਤ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਜੋ ਸਾਧਨ ਮੌਜੂਦ ਹਨ, ਉਹ ਸਿਰਫ 10 ਫ਼ੀਸਦ ਮਰੀਜ਼ਾਂ ਦੇ ਕੰਮ ਆ ਸਕਣਗੇ, ਬਾਕੀ 90 ਫ਼ੀਸਦ ਮਰੀਜ਼ਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।


ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ-



  • ਪਿਛਲੇ 24 ਘੰਟਿਆਂ ਵਿੱਚ ਆਏ ਕੁੱਲ ਕੇਸ- 3.86 ਲੱਖ

  • ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 3,501

  • ਬੀਤੇ 24 ਘੰਟਿਆਂ 'ਚ ਤੰਦਰੁਸਤ ਹੋਏ ਮਰੀਜ਼- 2.91 ਲੱਖ

  • ਹੁਣ ਤੱਕ ਕੁੱਲ ਕੋਰੋਨਾ ਮਰੀਜ਼- 1.87 ਕਰੋੜ

  • ਹੁਣ ਤੱਕ ਠੀਕ ਹੋਏ ਕੋਰੋਨਾ ਮਰੀਜ਼- 1.53 ਕਰੋੜ

  • ਹੁਣ ਤੱਕ ਕੋਰੋਨਾ ਕਾਰਨ ਹੋਈਆਂ ਮੌਤਾਂ- 2.08 ਲੱਖ

  • ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ- 31.64 ਲੱਖ