ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ ਵਿਗੜੇ ਹਾਲਾਤ ਤੇ ਸਿਹਤ ਵਿਵਸਥਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਸੁਪਰੀਮ ਕੋਰਟ ਅੱਜ ਇਸ ਮਾਮਲੇ 'ਤੇ ਸੁਣਵਾਈ ਕਰੇਗਾ। ਸੁਪਰੀਮ ਕੋਰਟ 'ਚ ਇਹ ਸੁਣਵਾਈ ਦੁਪਹਿਰ 12 ਵਜੇ ਦੇ ਕਰੀਬ ਹੋਵੇਗੀ। ਇਸ ਸੁਣਵਾਈ ਦੌਰਾਨ ਸੂਬਾ ਸਰਕਾਰ ਵੀ ਆਪਣੀਆਂ ਤਿਆਰੀਆਂ ਦੀ ਜਾਣਕਾਰੀ ਸੁਪਰੀਮ ਕੋਰਟ 'ਚ ਰੱਖੇਗੀ।
ਦੇਸ਼ ਭਰ 'ਚ ਵੈਕਸੀਨ ਦੀ ਕਮੀ ਤੇ ਕਈ ਹੋਰ ਪ੍ਰਬੰਧਾਂ ਦੇ ਦਰਮਿਆਨ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਖੁਦ ਨੋਟਿਸ ਲੈਂਦਿਆਂ ਇਕ ਸਪਸ਼ਟ ਰਾਸ਼ਟਰੀ ਯੋਜਨਾ ਦੀ ਲੋੜ ਦੱਸੀ ਸੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਆਕਸੀਜਨ ਤੇ ਜ਼ਰੂਰੀ ਦਵਾਈਆਂ ਦੇ ਉਤਪਾਦਨ ਤੇ ਵੰਡ ਦੀ ਵਿਸਥਾਰ ਜਾਣਕਾਰੀ ਕੋਰਟ 'ਚ ਦੇਵੇ। ਇਸ ਤੋਂ ਇਲਾਵਾ ਕਈ ਹੋਰ ਮੁੱਦਿਆਂ 'ਤੇ ਰਿਪੋਰਟ ਸੌਂਪਣ ਨੂੰ ਕਿਹਾ ਜਾ ਸਕਦਾ ਹੈ।
ਕੋਰੋਨਾ ਵੈਕਸੀਨੇਸ਼ਨ ਨੂੰ ਲੈਕੇ ਵੀ ਸੁਪਰੀਮ ਕੋਰਟ ਕਾਫੀ ਸਖਤ ਨਜ਼ਰ ਆ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਕ ਮਈ ਤੋਂ ਸ਼ੁਰੂ ਹੋ ਰਹੇ ਕੋਰੋਨਾ ਟੀਕਾਕਰਨ ਅਭਿਆਨ 'ਚ ਵੈਕਸੀਨ ਦੀ ਕਮੀ ਨਾ ਹੋਣ ਦਿੱਤੀ ਜਾਵੇ।
ਦਿੱਲੀ ਹਾਈਕੋਰਟ 'ਚ ਵੀ ਸੁਣਵਾਈ
ਉੱਥੇ ਹੀ ਅੱਜ ਦਿੱਲੀ ਹਾਈਕੋਰਟ 'ਚ ਵੀ ਦਿੱਲੀ ਦੇ ਅੰਦਰ ਕੋਰੋਨਾ ਨਾਲ ਖਰਾਬ ਹੋਏ ਹਾਲਾਤ, ਬੈੱਡ ਦੀ ਕਮੀ, ਆਕਸੀਜਨ ਦੀ ਕਮੀ ਤੇ ਜ਼ਰੂਰੀ ਦਵਾਈਆਂ ਦੀ ਕਮੀ ਜਿਹੇ ਹੋਰ ਮੁੱਦਿਆਂ 'ਤੇ ਸੁਣਵਾਈ ਜਾਰੀ ਰਹੇਗੀ।
ਅੱਜ ਹੋਣ ਵਾਲੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਕੋਰਟ ਨੂੰ ਦੱਸੇਗੀ ਕਿ ਜਦੋਂ ਦਿੱਲੀ ਨੇ 700 ਮੀਟ੍ਰਿਕ ਟਨ ਆਕਸੀਜਨ ਦੀ ਮੰਗ ਕੀਤੀ ਸੀ ਤਾਂ ਆਖਿਰ ਉਸ ਨੂੰ ਸਿਰਫ 490 ਮੀਟ੍ਰਿਕ ਟਨ ਕਿਸ ਆਧਾਰ 'ਤੇ ਦਿੱਤਾ ਗਿਆ।
ਰੇਮਡੇਸਿਬਿਰ ਨੂੰ ਲੈਕੇ ਪੋਰਟਲ ਬਣਾਉਣ 'ਤੇ ਵੀ ਹੋਵੇਗੀ ਗੱਲ
ਆਕਸੀਜਨ ਦੀ ਕਮੀ ਨੂੰ ਲੈਕੇ ਦਿੱਲੀ ਹਾਈਕੋਰਟ ਕੇਂਦਰ ਸਰਕਾਰ ਤੋਂ ਕਈ ਹੋਰ ਸਵਾਲ ਵੀ ਪੁੱਛ ਸਕਦੀ ਹੈ। ਇਸ ਦੇ ਨਾਲ ਹੀ ਸੁਣਵਾਈ ਦੌਰਾਨ ਅੱਜ ਰੇਮਡੇਸਿਵਿਰ ਇੰਜੈਕਸ਼ਨ ਨੂੰ ਲੈਕੇ ਪੋਰਟਲ ਬਣਾਉਣ ਦੇ ਸਰਕਾਰ ਦੇ ਫੈਸਲੇ 'ਤੇ ਵੀ ਕੋਰਟ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਵੀਰਵਾਰ ਸੁਣਵਾਈ ਦੌਰਾਨ ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਸੀ ਕਿ ਉਹ ਪੋਰਟਲ ਬਣਾਉਣ ਵਾਲੀ ਕੰਪਨੀ ਐਨਆਈਸੀ ਨੂੰ ਆਪਣਾ ਸੁਝਾਅ ਦੇ ਸਕਦੀ ਹੈ। ਜਿਸ ਨਾਲ ਜਲਦ ਤੋਂ ਜਲਦ ਇਸ ਪੋਰਟਲ ਨੂੰ ਸ਼ੁਰੂ ਕੀਤਾ ਜਾ ਸਕੇ।