ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ ਹਫਤੇ ਤੋਂ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਕੇਸ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਰਮਿਆਨ ਪਹਿਲੀ ਵਾਰ ਮੰਤਰੀਮੰਡਲ ਦੀ ਬੈਠਕ ਸੱਦੀ ਹੈ। ਸੂਤਰਾਂ ਮੁਤਾਬਕ ਬੈਠਕ ਵਿੱਚ ਕੋਵਿਡ-19 ਦੇ ਤਾਜ਼ਾ ਹਾਲਾਤ ਬਾਰੇ ਚਰਚਾ ਕੀਤੀ ਜਾਵੇਗੀ। ਬੈਠਕ ਵਿੱਚ ਮੰਤਰੀਆਂ ਤੋਂ ਇਲਾਵਾ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ।


ਕੋਰੋਨਾ ਮਹਾਮਾਰੀ ਦਰਮਿਆਨ ਪਹਿਲੀ ਕੈਬਨਿਟ ਬੈਠਕ


ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਇਹ ਮੋਦੀ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੈਠਕ ਵਿੱਚ 18 ਤੋਂ 45 ਸਾਲ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਬਾਰੇ ਚਰਚਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬੈਠਕ ਵਿੱਚ ਮੰਤਰੀਆਂ ਨੂੰ ਜਨਤਾ ਵਿੱਚ ਜਾ ਕੇ ਮੁੱਦਿਆਂ ਨੂੰ ਸੁਲਝਾਉਣ ਲਈ ਵੀ ਕਿਹਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਿਖਰਲੇ ਸਰਕਾਰੀ ਅਧਿਕਾਰੀਆਂ, ਦਵਾਈ ਨਿਰਮਾਤਾਵਾਂ ਦੇ ਸੀਨੀਅਰ ਅਧਿਕਾਰੀਆਂ, ਆਕਸੀਜਨ ਸਪਲਾਈ, ਥਲ ਸੈਨਾ ਤੇ ਹਵਾਈ ਫ਼ੌਜ ਦੇ ਮੁਖੀਆਂ ਨਾਲ ਵੀ ਕੋਵਿਡ-19 ਦੀ ਸਥਿਤੀ ਤੇ ਇਸ ਨੂੰ ਕਾਬੂ ਕਰਨ ਬਾਰੇ ਚਰਚਾ ਕਰ ਚੁੱਕੇ ਹਨ।


 


ਇੱਕ ਕਰੋੜ 83 ਲੱਖ ਤੋਂ ਪਾਰ ਹੋਇਆ ਅੰਕੜਾ


ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਦੇਸ਼ ਵਿੱਚ ਇੱਕ ਦਿਨ ਅੰਦਰ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 3,79,257 ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਲਾਗ ਦੇ ਕੁੱਲ ਮਾਮਲੇ 1,87,76,524 ਹੋ ਗਏ ਹਨ। ਸਵੇਰੇ ਅੱਠ ਵਜੇ ਤੱਕ ਦੇ ਅੰਕੜਿਆਂ ਦੇ ਮੁਤਾਬਕ ਇੱਕ ਦਿਨ ਵਿੱਚ 3,645 ਲੋਕਾਂ ਦੀ ਮੌਤ ਦੇ ਨਾਲ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 2,04,832 ਹੋ ਗਈ ਹੈ। ਪੰਜਾਬ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 6,812 ਨਵੇਂ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਨਾਲ 138 ਮੌਤਾਂ ਦਰਜ ਕੀਤੀਆਂ ਗਈਆਂ। ਸੂਬੇ 'ਚ ਮੌਜੂਦਾ ਸਮੇਂ 54,954 ਐਕਟਿਵ ਕੇਸ ਹਨ। ਅੱਜ ਕੋਰੋਨਾ ਨਾਲ ਹੋਣ ਵਾਲੀਆਂ 138 ਮੌਤਾਂ 'ਚੋਂ 21 ਮੌਤਾਂ ਇਕੱਲੇ ਬਠਿੰਡਾ 'ਚ ਹੋਈਆਂ ਹਨ। ਮੌਜੂਦਾ ਸਮੇਂ ਐਕਟਿਵ ਕੇਸਾਂ 'ਚ 648 ਮਰੀਜ਼ ਆਕਸੀਜਨ ਸਪਰੋਟ 'ਤੇ ਹਨ। ਇਸ ਤੋਂ ਇਲਾਵਾ 97 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਵੈਂਟੀਲੇਟਰ 'ਤੇ ਹਨ।