ਜੰਮੂ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੀ ਰੋਕਥਾਮ ਲਈ ਜੰਮੂ-ਕਸ਼ਮੀਰ ਦੇ 11 ਜ਼ਿਲ੍ਹਿਆਂ ਵਿੱਚ ਵੀਰਵਾਰ ਸ਼ਾਮ ਤੋਂ 84 ਘੰਟਿਆਂ ਦੀ ਤਾਲਾਬੰਦੀ ਦੀ ਸ਼ੁਰੂਆਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਲਾਗ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਕੋਰੋਨਾ ਕਰਫਿਊ ਲਾਉਣਾ ਹੀ ਸਹੀ ਸਮਝਿਆ।


ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਸ਼ਾਮ ਸੱਤ ਵਜੇ ਤੋਂ 11 ਜ਼ਿਲ੍ਹਿਆਂ ਵਿੱਚ ਕਰਫਿਊ ਲਾਗੂ ਹੋ ਗਿਆ ਹੈ ਜੋ ਕਿ ਸੋਮਵਾਰ ਸਵੇਰੇ ਸੱਤ ਵਜੇ ਤੱਕ ਜਾਰੀ ਰਹੇਗਾ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸ਼੍ਰੀਨਗਰ, ਅਨੰਤਨਾਗ, ਬਾਰਾਮੂਲਾ, ਬਡਗਾਮ, ਕੁਲਗਾਮ, ਪੁਲਵਾਮਾ, ਗਾਂਦਰਬਲ, ਜੰਮੂ, ਕਠੂਆ, ਰਿਆਸੀ ਅਤੇ ਊਧਮਪੁਰ ਸ਼ਾਮਲ ਹਨ। ਇਸੇ ਦੌਰਾਨ ਪ੍ਰਸ਼ਾਸਨ ਨੇ ਕਿਹਾ ਕਿ ਬਾਕੀ ਨੌਂ ਜ਼ਿਲ੍ਹਿਆਂ ਵਿੱਚ ਵੀ ਅੱਜ ਸ਼ਾਮ ਸੱਤ ਵਜੇ ਤੋਂ ਸੋਮਵਾਰ ਸਵੇਰੇ ਸੱਤ ਵਜੇ ਤੱਕ ਕੋਰੋਨਾ ਕਰਫਿਊ ਲਾਗੂ ਰਹੇਗਾ।


1.87 ਕਰੋੜ ਤੋਂ ਪਾਰ ਪਹੁੰਚਿਆ ਅੰਕੜਾ


ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿੱਚ ਅਮਰੀਕਾ ਤੋਂ ਬਾਅਦ ਭਾਰਤ ਦਾ ਦੂਜਾ ਸਥਾਨ ਹੈ। ਵੀਰਵਾਰ ਨੂੰ ਦੇਸ਼ ਵਿੱਚ ਰਿਕਾਰਡ 3,79,257 ਕੋਰੋਨਾ ਵਾਇਰਸ ਮਾਮਲੇ ਪਾਏ ਗਏ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਵਿਡ-19 ਵਾਇਰਸ ਨਾਲ ਪੀੜਤਾਂ ਦੀ ਕੁੱਲ ਗਿਣਤੀ ਇੱਕ ਕਰੋੜ 87 ਲੱਖ ਤੋਂ ਪਾਰ ਹੋ ਗਈ ਹੈ।


ਦੋ ਲੱਖ ਤੋਂ ਵੱਧ ਮੌਤਾਂ


ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 1 ਕਰੋੜ 87 ਲੱਕ 54 ਹਜ਼ਾਰ 925 ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ ਦੇਸ਼ ਭਰ ਵਿੱਚ ਕੋਰੋਨਾ ਕਾਰਨ ਦੋ ਲੱਖ ਅੱਠ ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ ਦੇਸ਼ ਵਿੱਚ 31 ਲੱਖ 77 ਹਜ਼ਾਰ ਤੋਂ ਵੱਧ ਕੋਰੋਨਾ ਦੇ ਐਕਟਿਵ ਮਰੀਜ਼ ਹਨ, ਜੋ ਇਲਾਜ ਅਧੀਨ ਹਨ। ਹਾਲਾਂਕਿ, ਹੁਣ ਤੱਕ ਦੇਸ਼ ਵਿੱਚ ਇੱਕ ਕਰੋੜ 53 ਲੱਖ ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।