ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿੱਚ ਮਹਾਰਾਸ਼ਟਰ ਤੇ ਗੁਜਰਾਤ ਤੋਂ ਬਾਅਦ ਦਿੱਲੀ ਦੇਸ਼ ਦੇ ਤੀਜੇ ਨੰਬਰ 'ਤੇ ਹੈ ਪਰ ਕੋਵਿਡ-19 ਪੀੜਤਾਂ ਨੂੰ ਤੰਦਰੁਸਤ ਕਰਨ ਵਿੱਚ ਦੇਸ਼ ਦੀ ਰਾਜਧਾਨੀ ਪਹਿਲੇ ਨੰਬਰ 'ਤੇ ਆ ਗਈ ਹੈ। ਚੰਗੀ ਖ਼ਬਰ ਹੈ ਕਿ ਦਿੱਲੀ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਦੇਸ਼ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੈ।


ਜਿੰਨੀ ਛੇਤੀ ਦਿੱਲੀ ਵਿੱਚ ਕੋਰੋਨਾ ਲਾਗ ਨਾਲ ਪੀੜਤ ਲੋਕ ਮਿਲ ਰਹੇ ਹਨ, ਉਹ ਓਨੀ ਹੀ ਛੇਤੀ ਸਿਹਤਯਾਬ ਵੀ ਹੋ ਰਹੇ ਹਨ। ਇਸ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾ, ਦਿੱਲੀ ਵਾਸੀ ਖ਼ੁਦ ਆਪਣੀ ਜਾਂਚ ਕਰਵਾਉਣ ਲਈ ਅੱਗੇ ਆ ਰਹੇ ਹਨ ਜਾਂ ਕੰਟਰੋਲ ਰੂਮ ਤੋਂ ਮਦਦ ਲੈ ਰਹੇ ਹਨ।

ਦੂਜਾ ਸੰਭਾਵਿਤ ਕਾਰਨ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਕੋਰੋਨਾ ਪੀੜਤ 65 ਫ਼ੀਸਦ ਮਰੀਜ਼ 50 ਸਾਲ ਤੋਂ ਘੱਟ ਉਮਰ ਦੇ ਹਨ। ਇਹ ਮਰੀਜ਼ ਹੋਰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਵੀ ਨਹੀਂ ਹਨ। ਦਿੱਲੀ ਵਿੱਚ ਜਿਨ੍ਹਾਂ ਦੀ ਮੌਤ ਹੋਈ ਉਨ੍ਹਾਂ ਵਿੱਚੋਂ ਜ਼ਿਆਦਾਤਰ ਦਿਲ ਦੇ ਰੋਗ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਸਨ।

ਉੱਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ ਵਿੱਚ ਪਲਾਜ਼ਮਾ ਥੈਰੇਪੀ ਕਾਫੀ ਸਹਾਈ ਸਾਬਤ ਹੋ ਰਹੀ ਹੈ। ਉਨ੍ਹਾਂ ਹੋਰਨਾਂ ਸੂਬਿਆਂ ਨੂੰ ਵੀ ਇਸ ਵਿਧੀ ਨਾਲ ਇਲਾਜ ਕਰਨ ਦੀ ਸਲਾਹ ਦਿੱਤੀ ਹੈ। ਸੁਧਰਦੇ ਹਾਲਾਤਾਂ ਕਾਰਨ ਦਿੱਲੀ ਸਰਕਾਰ ਨੇ ਹੌਟਸਪੌਟ ਤੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਆਉਂਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਵੀ ਦੇ ਦਿੱਤੀ ਹੈ।