ਨਵੀਂ ਦਿੱਲੀ: ਕਈ ਸੂਬਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਬੇਤਹਾਸ਼ਾ ਵਾਧਾ ਦੇਖਿਆ ਜਾ ਰਿਹਾ ਹੈ। ਮੰਗਲਵਾਰ ਸਰਕਾਰ ਨੇ ਕਿਹਾ ਕਿ ਦੇਸ਼ 'ਚ ਇਕ ਵਾਰ ਫਿਰ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਅਜਿਹੀ ਸਥਿਤੀ 'ਚ ਸਿਹਤ ਢਾਂਚਾ ਵੀ ਡਗਮਗਾ ਸਕਦਾ ਹੈ। ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਕਿ ਜੇਕਰ ਤਤਕਾਲ ਉਪਾਅ ਨਾ ਕੀਤੇ ਗਏ ਤਾਂ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਮੌਜੂਦਾ ਉਛਾਲ ਸਿਹਤ ਸੇਵਾ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ।


ਇਸ ਦੇ ਨਾਲ ਹੀ ਕਿਹਾ ਗਿਆ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਹੁਣ 8,032 ਐਕਟਿਵ ਮਾਮਲਿਆਂ ਦੇ ਨਾਲ ਦੇਸ਼ ਦੇ ਟੌਪ 10 ਕੋਰੋਨਾ ਇਨਫੈਕਟਡ ਮਰੀਜ਼ਾਂ 'ਚ ਸ਼ਾਮਲ ਹੋ ਗਈ ਹੈ। ਇਸ ਲਿਸਟ 'ਚ ਮਹਾਰਾਸ਼ਟਰ ਟੌਪ 'ਤੇ ਹੈ। ਇੱਥੋਂ ਦੇ ਅੱਠ ਜ਼ਿਲ੍ਹੇ ਕੋਰੋਨਾ ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉੱਥੇ ਹੀ ਕਰਨਾਟਕ ਦੇ ਇਕ ਜ਼ਿਲ੍ਹੇ ਬੈਂਗਲੁਰੂ ਸ਼ਹਿਰ 'ਚ ਕੋਰੋਨਾ ਦਾ ਕਹਿਰ ਵਰਸਾ ਰਿਹਾ ਹੈ।


ਨੀਤੀ ਆਯੋਗ ਮੈਂਬਰ ਡਾ.ਵੀਕੇ ਪੌਲ ਨੇ ਕਿਹਾ, 'ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਹ ਚਿੰਤਾ ਦਾ ਇਕ ਗੰਭੀਰ ਵਿਸ਼ਾ ਹੈ। ਰੁਝਾਨ ਦੱਸਦੇ ਹੈ ਕਿ ਵਾਇਰਸ ਅਜੇ ਵੀ ਬਹੁਤ ਐਕਟਿਵ ਹੈ ਤੇ ਵਧ ਰਹੇ ਮਾਮਲੇ ਸਾਡੇ ਰੋਕਥਾਮ ਦੇ ਉਪਾਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਇਸ ਨੂੰ ਕੰਟਰੋਲ ਕਰ ਲਿਆ ਹੈ ਤਾਂ ਇਹ ਵਾਪਸ ਆ ਜਾਂਦਾ ਹੈ। ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਤੇ ਅਜਿਹੇ 'ਚ ਸਾਨੂੰ ਸਭ ਨੂੰ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।' ਉੱਥੇ ਹੀ ਡਾ.ਵੀਕੇ ਪੌਲ ਨੇ ਅੱਗੇ ਕਿਹਾ ਕਿ ਦੇਸ਼ ਇਕ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਤੇ ਪੂਰਾ ਦੇਸ਼ ਸੰਭਾਵਿਤ ਜ਼ੋਖਿਮ 'ਚ ਹੈ।


ਓਧਰ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਲਿਖੀ ਇਕ ਚਿੱਠੀ 'ਚ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਜ਼ਿਲ੍ਹਿਆਂ ਨੂੰ ਕਿਹਾ, 'ਬੇਸ਼ੱਕ ਉਹ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਦੇਖ ਰਹੇ ਹੋਣ ਜਾਂ ਨਹੀਂ, ਇਨਫੈਕਸ਼ਨ ਦੇ ਪਸਾਰ ਨੂੰ ਰੋਕਣ ਲਈ ਕਲੀਅਰ ਟਾਇਮਲਾਈਨਜ਼ ਤੇ ਜ਼ਿੰਮੇਵਾਰੀਆਂ ਦੇ ਨਾਲ ਇਕ ਜ਼ਿਲ੍ਹਾ ਕਾਰਜ ਯੋਜਨਾ ਤਿਆਰ ਕੀਤੀ ਜਾਵੇ।'


ਭੂਸ਼ਣ ਨੇ ਕਿਹਾ ਕਿ ਮਾਮਲਿਆਂ 'ਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ ਤੇ ਇਹ ਸਿਹਤ ਸੇਵਾ ਪ੍ਰਣਾਲੀ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ ਹੈ। ਭੂਸ਼ਣ ਨੇ ਆਪਣੀ ਚਿੱਠੀ 'ਚ ਇਹ ਵੀ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ। ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਰਟੀ ਪੀਸੀਆਰ ਟੈਸਟ ਦੇ ਹਾਈ ਪ੍ਰਪੋਸ਼ਨ ਦੇ ਨਾਲ-ਨਾਲ ਟੈਸਟਿੰਗ ਵਧਾਉਣ ਦੀ ਸਲਾਹ ਦਿੱਤੀ ਗਈ ਹੈ। ਭੂਸ਼ਣ ਨੇ ਕਿਹਾ, ਟੈਸਟ, ਟ੍ਰੈਕ, ਟਰੀਟ ਕੁੰਜੀ ਬਣੀ ਹੋਈ ਹੈ।


ਕੋਰੋਨਾ ਵਾਇਰਸ ਨੇ ਕੁਝ ਵਕਫੇ ਬਾਅਦ ਇਕ ਵਾਰ ਫਿਰ ਤੋਂ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਬੇਸ਼ੱਕ ਹੁਣ ਕੋਰੋਨਾ ਵੈਕਸੀਨ ਮੌਜੂਦਾ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਦੇ ਕੇਸ ਕੁਝ ਸੂਬਿਆਂ 'ਚ ਲਗਾਤਾਰ ਵਧਦੇ ਜਾਂਦੇ ਹਨ ਜਿਸਨੂੰ ਦੇਖਦਿਆਂ ਕੇਂਦਰ ਫਿਕਰਮੰਦ ਹੈ ਤੇ ਇਸੇ ਬਾਬਤ ਹੀ ਗਾਈਡਨਾਈਲਜ਼ ਤਿਆਰ ਕੀਤੀਆਂ ਜਾ ਰਹੀਆਂ ਹਨ।