ਨਵੀਂ ਦਿੱਲੀ: ਕੋਰੋਨਾ ਨੂੰ ਲੈ ਕੇ ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਕਿ ਜੇਕਰ ਭਾਰਤ ਵਿੱਚ ਸਖਤੀ ਨਾ ਕੀਤੀ ਜਾਂਦੀ ਤਾਂ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 8.2 ਲੱਖ ਤੱਕ ਪਹੁੰਚ ਜਾਣੀ ਸੀ। ਇਹ ਰਿਪੋਰਟ ਮੀਡੀਆ ਵਿੱਚ ਛਪਣ ਮਗਰੋਂ ਸਰਕਾਰ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਸੀ ਪਰ ਹੁਣ ਸਰਕਾਰ ਨੇ ਮੰਨਿਆ ਕਿ ਇਹ ਸੱਚ ਹੈ।


ਕੇਂਦਰੀ ਸਿਹਤ ਮੰਤਰਾਲੇ ਨੇ ਹੁਣ ਦਾਅਵਾ ਕੀਤਾ ਹੈ ਕਿ ਜੇਕਰ ਲੌਕਡਾਊਨ ਨਾ ਕੀਤਾ ਜਾਂਦਾ ਤੇ ਸਖਤ ਕਦਮ ਨਾ ਚੁੱਕੇ ਜਾਂਦੇ ਤਾਂ 15 ਅਪਰੈਲ ਤੱਕ ਦੇਸ਼ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 8.2 ਲੱਖ ਤੱਕ ਪਹੁੰਚ ਸਕਦੀ ਸੀ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਹੌਟਸਪੌਟਸ ਦੀ ਪਛਾਣ ਕਰਨ ਦੇ ਨਾਲ ਹੋਰ ਲੋੜੀਂਦੇ ਕਦਮ ਜਲਦੀ ਉਠਾਏ ਗਏ, ਜਿਸ ਕਾਰਨ ਇਸ ਮਹਾਮਾਰੀ ਦੇ ਵੱਡੀ ਪੱਧਰ ’ਤੇ ਫੈਲਣ ਤੋਂ ਬਚਾਅ ਰਿਹਾ।

ਅਧਿਕਾਰੀ ਨੇ ਕਿਹਾ, ‘‘ਅੰਕੜਿਆਂ ਦੇ ਕੀਤੇ ਗਏ ਮੁਲਾਂਕਣ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੇਕਰ ਲੌਕਡਾਊਨ ਜਾਂ ਹੋਰ ਲੋੜੀਂਦੇ ਕਦਮ ਨਾ ਉਠਾਏ ਜਾਂਦੇ ਤਾਂ 41 ਫ਼ੀਸਦੀ ਵਾਧੇ ਨਾਲ 11 ਅਪਰੈਲ ਤੱਕ ਦੇਸ਼ ਵਿੱਚ ਕੇਸਾਂ ਦੀ ਗਿਣਤੀ 2.08 ਲੱਖ ਹੋਣੀ ਸੀ ਤੇ 15 ਅਪਰੈਲ ਤੱਕ ਮਰੀਜ਼ਾਂ ਦੀ ਇਹ ਗਿਣਤੀ ਵਧ ਕੇ 8.2 ਲੱਖ ਹੋ ਜਾਣੀ ਸੀ।

ਉਨ੍ਹਾਂ ਕਿਹਾ ਕਿ ਲੌਕਡਾਊਨ ਨਾ ਕੀਤਾ ਜਾਂਦਾ ਪਰ ਹੋਰ ਕਦਮ ਚੁੱਕੇ ਜਾਂਦੇ ਤਾਂ ਵੀ ਕੇਸਾਂ ਦੀ ਗਿਣਤੀ 28.9 ਫ਼ੀਸਦੀ ਵਾਧੇ ਨਾਲ 11 ਅਪਰੈਲ ਤੱਕ 45,370 ਤੇ 15 ਅਪਰੈਲ ਤੱਕ ਇੱਕ ਲੱਖ 20 ਹਜ਼ਾਰ ਹੋਣੀ ਸੀ। ਉਨ੍ਹਾਂ ਕਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਸਮਾਜਿਕ ਦੂਰੀ, ਲੌਕਡਾਊਨ ਤੇ ਹੋਰ ਕਦਮਾਂ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।