Coronavirus Cases Today in India: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲਿਆਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 10 ਹਜ਼ਾਰ 273 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 243 ਲੋਕਾਂ ਦੀ ਮੌਤ ਹੋਈ ਹੈ। ਕੱਲ੍ਹ 11 ਹਜ਼ਾਰ 499 ਕੇਸ ਦਰਜ ਕੀਤੇ ਗਏ ਸਨ। ਯਾਨੀ ਕੱਲ੍ਹ ਦੇ ਮੁਕਾਬਲੇ ਅੱਜ ਕੇਸ ਘਟੇ ਹਨ। ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1 ਲੱਖ 11 ਹਜ਼ਾਰ 472 ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 13 ਹਜ਼ਾਰ 724 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 4 ਕਰੋੜ 22 ਲੱਖ 90 ਹਜ਼ਾਰ 921 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ।
ਲਗਪਗ 177 ਕਰੋੜ ਵੈਕਸੀਨੇਸ਼ਨ
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ ਲਗਪਗ 177 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 24 ਲੱਖ 5 ਹਜ਼ਾਰ 49 ਡੋਜ਼ਾਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਹੁਣ ਤੱਕ ਟੀਕੇ ਦੀਆਂ 177 ਕਰੋੜ 44 ਲੱਖ 8 ਹਜ਼ਾਰ 129 ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ।
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਸਿਹਤ ਕਰਮਚਾਰੀਆਂ, ਕੋਰੋਨਾ ਯੋਧਿਆਂ ਤੇ ਹੋਰ ਬਿਮਾਰੀਆਂ ਤੋਂ ਪੀੜਤ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 1.99 ਕਰੋੜ (1,99,77,476) ਤੋਂ ਵੱਧ ਰੋਕਥਾਮ ਟੀਕੇ ਲਗਾਏ ਗਏ ਹਨ। ਦੇਸ਼ ਵਿੱਚ ਕੋਵਿਡ ਵਿਰੋਧੀ ਟੀਕਾਕਰਨ ਮੁਹਿੰਮ 16 ਜਨਵਰੀ, 2021 ਤੋਂ ਸ਼ੁਰੂ ਹੋਈ ਸੀ ਤੇ ਪਹਿਲੇ ਪੜਾਅ ਵਿੱਚ ਸਿਹਤ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਗਿਆ ਸੀ।
ਪੰਜਾਬ ਵਿੱਚ 56 ਦਿਨਾਂ ਬਾਅਦ ਕਿਸੇ ਮਰੀਜ਼ ਦੀ ਨਹੀਂ ਹੋਈ ਮੌਤ
ਪੰਜਾਬ ਵਿੱਚ ਜਾਨਲੇਵਾ ਕਰੋਨਾ ਦਾ ਕਹਿਰ ਰੁਕ ਗਿਆ ਹੈ। ਸ਼ਨੀਵਾਰ ਨੂੰ 56 ਦਿਨਾਂ ਬਾਅਦ ਸੂਬੇ 'ਚ ਕੋਰੋਨਾ ਨਾਲ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਇਸ ਤੋਂ ਪਹਿਲਾਂ 2 ਜਨਵਰੀ ਨੂੰ ਕੋਰੋਨਾ ਨਾਲ 3 ਮੌਤਾਂ ਹੋਈਆਂ ਸਨ। ਪੰਜਾਬ ਵਿੱਚ 2 ਜਨਵਰੀ ਤੋਂ 26 ਫਰਵਰੀ ਤੱਕ ਕੋਰੋਨਾ ਨਾਲ 1,057 ਲੋਕਾਂ ਦੀ ਮੌਤ ਹੋਈ । ਇਸ ਦੇ ਬਾਵਜੂਦ ਪੰਜਾਬ 'ਚ ਕੋਰੋਨਾ ਦੇ ਘਾਤਕ ਖ਼ਤਰੇ ਦਾ ਡਰ ਬਣਿਆ ਹੋਇਆ ਹੈ। ਇਸ ਦਾ ਕਾਰਨ 96 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਇਲਾਜ ਕਰਵਾ ਰਹੇ ਹਨ। ਇਨ੍ਹਾਂ 'ਚੋਂ 68 ਆਕਸੀਜਨ ਸਪੋਰਟ 'ਤੇ ਹਨ। ਇਸ ਤੋਂ ਇਲਾਵਾ 19 ਮਰੀਜ਼ ਅਜੇ ਵੀ ਆਈਸੀਯੂ ਵਿਚ ਹਨ ਤੇ 9 ਮਰੀਜ਼ ਅਜੇ ਵੀ ਵੈਂਟੀਲੇਟਰ 'ਤੇ ਹਨ।