ਨਵੀਂ ਦਿੱਲੀ/ਬੀਜਿੰਗ: ਕੋਰੋਨਾ ਵਾਇਰਸ ਦਾ ਪਹਿਲਾ ਕੇਸ ਭਾਰਤ ਵਿੱਚ ਸਾਹਮਣੇ ਆਇਆ ਹੈ। ਕੇਰਲਾ ਦੇ ਇੱਕ ਵਿਦਿਆਰਥੀ ਜੋ ਵੁਹਾਨ ਤੋਂ ਵਾਪਸ ਆਇਆ ਹੈ, ਵਿੱਚ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਉਸ ਦੀ ਹਾਲਤ ਸਥਿਰ ਹੈ ਤੇ ਉਸ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।


ਹੁਣ ਤੱਕ ਕੋਰੋਨਾ ਵਾਇਰਸ ਨੇ ਚੀਨ ਵਿੱਚ 170 ਲੋਕਾਂ ਦੀ ਜਾਨ ਲੈ ਲਈ ਹੈ। ਪਿਛਲੇ 24 ਘੰਟਿਆਂ ਵਿੱਚ ਚੀਨ ਵਿੱਚ 1700 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ 7711 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਵੇਖਦੇ ਹੋਏ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਉਹ ਵੀਰਵਾਰ ਨੂੰ ਦੂਜੀ ਵਾਰ ਐਮਰਜੈਂਸੀ ਬੈਠਕ ਬੁਲਾਏਗੀ।

ਡਬਲਯੂਐਚਓ ਦੇ ਡਾਇਰੈਕਟਰ ਟੇਡਰੋਸ ਐਡਹਾਨਮ ਗੇਬਰੇਸੀਓਸ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਕੇਸ ਚੀਨ ਤੋਂ ਬਾਹਰ ਵੀ ਚਿੰਤਾ ਦਾ ਵਿਸ਼ਾ ਹਨ। ਹਾਲਾਂਕਿ, ਡਬਲਯੂਐਚਓ ਨੇ ਕਿਹਾ ਕਿ ਐਮਰਜੈਂਸੀ ਦਾ ਐਲਾਨ ਕਰਨਾ ਬਹੁਤ ਜਲਦੀ ਹੋ ਸਕਦੀ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਚੀਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਦੋ ਜਹਾਜ਼ ਭੇਜਣਾ ਚਾਹੁੰਦੇ ਹਾਂ। ਭਾਰਤੀ ਦੂਤਾਵਾਸ ਇਸ ਸਬੰਧ ਵਿੱਚ ਚੀਨੀ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਵੁਹਾਨ ਵਿੱਚ ਤਕਰੀਬਨ 500 ਭਾਰਤੀ ਵਿਦਿਆਰਥੀ ਪੜ੍ਹਦੇ ਹਨ।

ਉਧਰ ਇੰਡੀਅਨ ਪਾਇਲਟ ਐਸੋਸੀਏਸ਼ਨ ਨੇ ਕਿਹਾ ਹੈ ਕਿ ਏਅਰਲਾਇੰਸ ਕਿਸੇ ਵੀ ਤਰ੍ਹਾਂ ਦੀਆਂ ਗਲਤੀਆਂ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਅਸੀਂ ਵਾਇਰਸ ਨੂੰ ਫੈਲਾਉਣ ਦਾ ਜੋਖਮ ਨਹੀਂ ਚੁੱਕ ਸਕਦੇ। ਪਾਇਲਟਾਂ ਦੇ ਸਮੂਹ ਨੇ ਏਅਰ ਇੰਡੀਆ ਦੇ ਮੁਖੀ ਅਸ਼ਵਨੀ ਲੋਹਾਨੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਇਹ ਮਿਸ਼ਨ ਆਮ ਬਚਾਅ ਤੇ ਰਾਹਤ ਯਤਨਾਂ ਤੋਂ ਬਿਲਕੁਲ ਵੱਖਰਾ ਹੋਵੇਗਾ। ਪਾਇਲਟ ਐਸੋਸੀਏਸ਼ਨ ਦੇ ਲੱਗਪਗ 600 ਮੈਂਬਰ ਹਨ।