India Corona-Virus Updates: ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਦੁਬਾਰਾ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 28,326 ਨਵੇਂ ਮਾਮਲੇ ਆਏ ਤੇ 260 ਕੋਰੋਨਾ ਪੀੜਤਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 26,032 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਭਾਵ 2034 ਐਕਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ।


ਕੇਰਲ: 24 ਘੰਟਿਆਂ ਵਿੱਚ 6,671 ਨਵੇਂ ਮਾਮਲੇ, 120 ਮੌਤਾਂ


ਸ਼ਨਿਚਰਵਾਰ ਨੂੰ ਕੇਰਲ ’ਚ ਕੋਵਿਡ-19 ਦੇ 16,671 ਨਵੇਂ ਮਾਮਲੇ ਸਾਹਮਣੇ ਆਏ ਅਤੇ 120 ਵਿਅਕਤੀਆਂ ਦੀ ਮੌਤ ਹੋ ਗਈ। ਇੱਥੇ ਹੁਣ ਤੱਕ ਪੀੜਤ ਲੋਕਾਂ ਦੀ ਕੁੱਲ ਗਿਣਤੀ 46,13,964 ਹੋ ਗਈ ਹੈ ਤੇ ਮ੍ਰਿਤਕਾਂ ਦੀ ਗਿਣਤੀ 24,248 ਹੋ ਗਈ। ਏਰਨਾਕੁਲਮ ਜ਼ਿਲ੍ਹੇ ਵਿੱਚ ਲਾਗ ਦੇ ਸਭ ਤੋਂ ਵੱਧ 2,500 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਸਨਿੱਚਰਵਾਰ ਨੂੰ ਰਾਜ ਵਿੱਚ 14,242 ਮਰੀਜ਼ ਲਾਗ ਤੋਂ ਮੁਕਤ ਹੋ ਗਏ, ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 44,23,772 ਹੋ ਗਈ।


ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਲਾਗ ਦੀ ਸਥਿਤੀ


ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 36 ਲੱਖ 52 ਹਜ਼ਾਰ ਲੋਕ ਪੀੜਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 46 ਹਜ਼ਾਰ 918 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 29 ਲੱਖ 2 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਲਗਭਗ ਤਿੰਨ ਲੱਖ ਹੈ। ਕੁੱਲ 3 ਲੱਖ 3 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


ਕੁੱਲ ਮਾਮਲੇ:          3,36,52,745
ਐਕਟਿਵ ਮਾਮਲੇ:    3,03,476
ਕੁੱਲ ਠੀਕ ਹੋਏ:       3,29,02,351
ਕੁੱਲ ਮੌਤਾਂ:             4,46,918
ਕੁੱਲ ਟੀਕੇ:             85,60,81,527


85 ਕਰੋੜ ਤੋਂ ਵੱਧ ਦਿੱਤੀਆਂ ਜਾ ਚੁੱਕੀਆਂ ਵੈਕਸੀਨ ਦੀਆਂ ਖੁਰਾਕਾਂ


ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 23 ਸਤੰਬਰ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 85 ਕਰੋੜ 60 ਲੱਖ 81 ਹਜ਼ਾਰ 527 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 68.42 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ ICMR) ਅਨੁਸਾਰ, ਹੁਣ ਤੱਕ ਲਗਪਗ 56.16 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।


ਪਿਛਲੇ ਦਿਨ 15.92 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਪੌਜ਼ਿਟੀਵਿਟੀ ਦਰ 3 ਪ੍ਰਤੀਸ਼ਤ ਤੋਂ ਘੱਟ ਹੈ। ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ 1.33 ਫੀਸਦੀ ਹੈ ਜਦੋਂ ਕਿ ਸਿਹਤਯਾਬ ਹੋਣ ਦੀ ਦਰ 97.78 ਫੀਸਦੀ ਹੈ। ਦੇਸ਼ ਵਿੱਚ ਐਕਟਿਵ ਕੇਸ 0.90 ਫੀਸਦੀ ਹਨ।