ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਇੱਕ ਵਾਰ ਫਿਰ ਇੱਕ ਦਿਨ ਵਿੱਚ 20 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 20,408 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਇਸ ਕਾਰਨ 54 ਲੋਕਾਂ ਦੀ ਮੌਤ ਹੋ ਗਈ ਹੈ।

 

ਇਸ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ 1 ਲੱਖ 43 ਹਜ਼ਾਰ 384 ਹੋ ਗਈ ਹੈ। ਇਸ ਤੋਂ ਪਹਿਲਾਂ  ਸ਼ੁੱਕਰਵਾਰ ਨੂੰ ਦੇਸ਼ 'ਚ 20,409 ਨਵੇਂ ਮਾਮਲੇ ਦਰਜ ਕੀਤੇ ਗਏ। ਦੇਸ਼ ਵਿੱਚ ਲਗਾਤਾਰ ਤੀਜੇ ਦਿਨ ਕੇਸਾਂ ਦੀ ਗਿਣਤੀ 20,000 ਨੂੰ ਪਾਰ ਕਰ ਗਈ ਹੈ।

 

ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 20,958 ਮਰੀਜ਼ ਠੀਕ ਹੋਏ ਹਨ। ਇਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 4,33,30,442 ਹੋ ਗਈ ਹੈ। ਦੇਸ਼ ਦੀ ਰਿਕਵਰੀ ਦਰ 98.48 ਫੀਸਦੀ ਹੈ। ਇਸ ਦੇ ਨਾਲ ਹੀ ਕੋਰੋਨਾ ਟੈਸਟ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 4,04,399 ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਹੁਣ ਤੱਕ ਕਰੀਬ 87.48 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।

ਜੇਕਰ ਅਸੀਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜਾਂ 'ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ 'ਚ ਹੁਣ ਤੱਕ 80,43,519 ਲੋਕ ਸੰਕਰਮਿਤ ਪਾਏ ਗਏ ਹਨ ਅਤੇ 1,48,097 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਸਭ ਤੋਂ ਪ੍ਰਭਾਵਤ ਰਾਜ ਕੇਰਲ ਵਿੱਚ, 67,17,856 ਲੋਕ ਸੰਕਰਮਿਤ ਪਾਏ ਗਏ ਅਤੇ 70,451 ਮਰੀਜ਼ਾਂ ਦੀ ਮੌਤ ਹੋ ਗਈ ਹੈ। 40,03,785 ਕੇਸਾਂ ਅਤੇ 40,101 ਮੌਤਾਂ ਨਾਲ ਕਰਨਾਟਕ ਅਤੇ 35,41,231 ਮਾਮਲਿਆਂ ਅਤੇ 38,032 ਮੌਤਾਂ ਨਾਲ ਤਾਮਿਲਨਾਡੂ ਅਗਲੇ ਦੋ ਸਭ ਤੋਂ ਪ੍ਰਭਾਵਤ ਰਾਜ ਹਨ।


ਟੀਕਾਕਰਨ ਮੁਹਿੰਮ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਹੁਣ ਤੱਕ ਵੈਕਸੀਨ ਦੀਆਂ 2,03,94,33,480 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ ਦਿਨ 33,87,173 ਖੁਰਾਕਾਂ ਦਿੱਤੀਆਂ ਗਈਆਂ ਸਨ। ਇਹ ਟੀਕਾ ਦੇਸ਼ ਵਿੱਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਲਗਾਇਆ ਜਾ ਰਿਹਾ ਹੈ।