Power Cut In 7 States : ਦੇਸ਼ ਦੇ ਇਤਿਹਾਸ ਵਿੱਚ 30 ਜੁਲਾਈ ਨੂੰ ਇਤਿਹਾਸਕ ਪਾਵਰ ਕੱਟ   (Historic Power Cut)  ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਦੇਸ਼ ਦੇ ਸੱਤ ਰਾਜਾਂ ਵਿੱਚ ਇੱਕੋ ਸਮੇਂ ਬਿਜਲੀ ਕੱਟ ਲੱਗਿਆ ਸੀ ਅਤੇ ਇਹ ਸੱਤ ਰਾਜ ਬਲੈਕ ਆਊਟ (Black Out) ਦੀ ਲਪੇਟ ਵਿੱਚ ਆ ਗਏ ਸੀ। ਜੇਕਰ ਬਿਜਲੀ ਅਚਾਨਕ ਚਲੀ ਜਾਵੇ ਅਤੇ ਇਹ ਭਰੋਸਾ ਨਾ ਹੋਵੇ ਕਿ ਕਦੋਂ ਆਵੇਗੀ ਤਾਂ ਅਜਿਹੇ 'ਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਿਆ ਜਾ ਸਕਦਾ ਹੈ। ਪਿੰਡ ਵਿੱਚ ਇੱਕ ਵਾਰ ਤਾਂ ਬੰਦਾ ਬਿਜਲੀ ਦੇ ਕੱਟ ਨਾਲ ਸਮਝੌਤਾ ਕਰ ਸਕਦਾ ਹੈ ਪਰ ਸ਼ਹਿਰਾਂ ਵਿੱਚ ਜਿੱਥੇ ਲੋਕ ਬਿਜਲੀ ’ਤੇ ਨਿਰਭਰ ਹਨ, ਉਨ੍ਹਾਂ ਦਾ ਕੀ?

ਬਿਜਲੀ 'ਤੇ ਨਿਰਭਰਤਾ ਦੀ ਸਮਝ 30 ਜੁਲਾਈ 2012 ਨੂੰ ਆਈ, ਜਦੋਂ ਦੇਸ਼ ਦੇ ਇਤਿਹਾਸ 'ਚ ਸਾਲ 2012 ਦਾ ਉਹ ਦਿਨ ਸਭ ਨੂੰ ਯਾਦ ਹੋਵੇਗਾ, ਜਦੋਂ ਦੁਪਹਿਰ 2.30 ਵਜੇ ਅਚਾਨਕ ਬਿਜਲੀ ਚਲੀ ਗਈ। ਬਿਜਲੀ ਦਾ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਪੂਰੇ ਉੱਤਰ ਭਾਰਤ ਦੇ ਸੱਤ ਰਾਜਾਂ ਵਿੱਚ ਜੇਕਰ ਬਿਜਲੀ ਬੰਦ ਹੋ ਜਾਵੇ ਤਾਂ ਇਹ ਯਕੀਨੀ ਤੌਰ 'ਤੇ ਵੱਡੀ ਗੱਲ ਹੈ। 


 

ਦਰਅਸਲ 30 ਜੁਲਾਈ 2012 ਨੂੰ ਉੱਤਰੀ ਗਰਿੱਡ ਵਿੱਚ ਨੁਕਸ ਪੈਣ ਕਾਰਨ ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕੋ ਸਮੇਂ ਬਿਜਲੀ ਬੰਦ ਹੋਣ ਕਾਰਨ 36 ਕਰੋੜ ਲੋਕ ਪ੍ਰਭਾਵਿਤ ਹੋਏ ਸਨ।

 30 ਅਤੇ 31 ਜੁਲਾਈ ਨੂੰ ਹੋਇਆ ਸੀ ਇਤਿਹਾਸਕ ਪਾਵਰ ਕੱਟ 

ਬਿਜਲੀ ਖਰਾਬ ਹੋਣ ਕਾਰਨ ਕਈ ਟਰੇਨਾਂ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ। ਪਹਿਲੀ ਵਾਰ ਬਿਜਲੀ 'ਤੇ ਨਿਰਭਰਤਾ ਦਾ ਅਸਰ ਇੰਨੇ ਵੱਡੇ ਪੱਧਰ 'ਤੇ ਮਹਿਸੂਸ ਕੀਤਾ ਗਿਆ। ਅੱਜ ਦੇਸ਼ ਦੇ ਇਤਿਹਾਸਕ ਬਿਜਲੀ ਕੱਟ ਦੇ 10 ਸਾਲ ਪੂਰੇ ਹੋ ਗਏ ਹਨ। ਉਸ ਦਿਨ ਦੇਸ਼ ਦੇ 7 ਰਾਜਾਂ ਵਿੱਚ ਇੱਕੋ ਸਮੇਂ ਬਿਜਲੀ ਕੱਟ ਲੱਗ ਗਏ ਅਤੇ ਕਰੀਬ 15 ਘੰਟੇ ਬਾਅਦ ਬਿਜਲੀ ਆਈ ਪਰ ਅਗਲੇ ਦਿਨ 31 ਜੁਲਾਈ ਨੂੰ ਕੁਝ ਘੰਟਿਆਂ ਬਾਅਦ ਹੀ ਪਾਵਰ ਗਰਿੱਡ ਫੇਲ ਹੋਣ ਕਾਰਨ ਮੁੜ ਬਿਜਲੀ ਚਲੀ ਗਈ। ਇਸ ਵਾਰ ਕਰੀਬ 22 ਰਾਜਾਂ ਦੀ ਬਿਜਲੀ ਇੱਕੋ ਸਮੇਂ ਚਲੀ ਗਈ।

ਚੀਨ ਵਿੱਚ ਵੀ ਬਿਜਲੀ ਦੀ ਮਾਰਾਮਾਰੀ 

ਅਜਿਹਾ ਨਹੀਂ ਹੈ ਕਿ ਬਲੈਕ ਆਊਟ (Black Out) ਸਿਰਫ਼ ਭਾਰਤ ਵਿੱਚ ਹੀ ਹੋਇਆ ਹੋਵੇ। ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਸਮੇਂ-ਸਮੇਂ 'ਤੇ ਬਲੈਕ ਆਊਟ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਦੋ ਦਿਨ ਪਹਿਲਾਂ ਦੀ ਗੱਲ ਹੀ ਲੈ ਲਓ। ਚੀਨ 'ਚ ਬਿਜਲੀ ਦੀ ਭਾਰੀ ਮੰਗ ਕਾਰਨ ਕਈ ਥਾਵਾਂ 'ਤੇ ਬਲੈਕਆਊਟ ਹੋ ਗਿਆ। ਦਿ ਗਾਰਡੀਅਨ ਨੇ ਇਕ ਰਿਪੋਰਟ ਵਿਚ ਕਿਹਾ ਸੀ ਕਿ ਚੀਨ ਵਿਚ ਬਿਜਲੀ ਦੀ ਭਾਰੀ ਮੰਗ ਕਾਰਨ ਹਾਲ ਹੀ ਦੇ ਦਿਨਾਂ ਵਿਚ ਬਲੈਕ ਆਊਟ ਦੇਖਿਆ ਗਿਆ ਹੈ। ਇਨ੍ਹਾਂ ਬਲੈਕ ਆਊਟਾਂ ਨੇ ਚੀਨ ਵਿੱਚ ਬਹੁਤ ਤਬਾਹੀ ਮਚਾਈ।