ਨਵੀਂ ਦਿੱਲੀ: ਕੋਰੋਨਾ ਦੇ ਮੋਰਚੇ 'ਤੇ ਰਾਹਤ ਦੀ ਖਬਰੀ ਹੈ। ਦੂਜੀ ਲਹਿਰ ਦੇ ਫੈਲਣ ਤੋਂ ਬਾਅਦ ਦੇਸ਼ 'ਚ ਹੁਣ ਤਕ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਵੀ ਸਭ ਤੋਂ ਵੱਧ ਮਾਮਲੇ ਦੱਖਣੀ ਸੂਬੇ ਕੇਰਲ ਤੋਂ ਆ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ 'ਚ 18,833 ਨਵੇਂ ਕੋਰੋਨਾ ਮਾਮਲੇ ਆਏ ਤੇ 278 ਕੋਰੋਨਾ ਪੌਜ਼ੇਟਿਵ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ।
ਇਸ ਦੇ ਨਾਲ ਹੀ 24 ਘੰਟੇ 'ਚ 24,770 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਚੰਗੀ ਖ਼ਬਰ ਇਹ ਹੈ ਕਿ ਦੇਸ਼ 'ਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 2.5 ਲੱਖ ਰਹਿ ਗਈ ਹੈ। ਮੌਜੂਦਾ ਸਮੇਂ 'ਚ, ਦੇਸ਼ ਵਿੱਚ 2,46,687 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 203 ਦਿਨਾਂ 'ਚ ਇਹ ਐਕਟਿਵ ਮਾਮਲਿਆਂ ਦੀ ਸਭ ਤੋਂ ਘੱਟ ਗਿਣਤੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਰੋਨਾ ਦੇ 18,346 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 263 ਲੋਕਾਂ ਦੀ ਮੌਤ ਹੋ ਗਈ ਸੀ। 201 ਦਿਨ ਬਾਅਦ ਮੰਗਲਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਸੀ। ਜਾਣੋ ਅੱਜ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ?
ਸਿਹਤ ਮੰਤਰਾਲੇ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਬੀਤੇ ਦਿਨੀਂ ਦੇਸ਼ 'ਚ 4,770 ਲੋਕ ਠੀਕ ਹੋਏ ਹਨ, ਜਿਸ ਤੋਂ ਬਾਅਦ ਐਕਟਿਵ ਮਾਮਲੇ ਘੱਟ ਕੇ 2 ਲੱਖ 46 ਹਜ਼ਾਰ 687 ਰਹਿ ਗਏ ਹਨ। ਅੰਕੜਿਆਂ ਦੇ ਅਨੁਸਾਰ ਹੁਣ ਤਕ ਦੇਸ਼ 'ਚ ਕੋਰੋਨਾ ਦੇ 3 ਕਰੋੜ 38 ਲੱਖ 71 ਹਜ਼ਾਰ 881 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਹੁਣ ਤਕ ਕੋਰੋਨਾ ਕਾਰਨ 4 ਲੱਖ 49 ਹਜ਼ਾਰ 538 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇਸ਼ 'ਚ 3 ਕਰੋੜ 31 ਲੱਖ 75 ਹਜ਼ਾਰ 665 ਲੋਕ ਠੀਕ ਹੋ ਚੁੱਕੇ ਹਨ।
ਕੇਰਲ : 9,735 ਨਵੇਂ ਮਾਮਲੇ ਸਾਹਮਣੇ ਆਏ, 151 ਲੋਕਾਂ ਦੀ ਮੌਤ ਹੋਈ
ਕੇਰਲ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 9,735 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 47,38,818 ਹੋ ਗਈ। ਇਸ ਤੋਂ ਇਲਾਵਾ 151 ਮਰੀਜ਼ਾਂ ਦੀ ਮੌਤ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ 25,677 ਤੱਕ ਪਹੁੰਚ ਗਈ। ਲਗਾਤਾਰ ਦੂਜੇ ਦਿਨ ਸੂਬੇ 'ਚ ਲਾਗ ਦੇ 10 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ 13,878 ਲੋਕ ਲਾਗ ਤੋਂ ਠੀਕ ਹੋਏ ਹਨ, ਜਿਸ ਤੋਂ ਬਾਅਦ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ 45,88,084 ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,24,441 ਹੈ। ਪਿਛਲੇ 24 ਘੰਟੇ 'ਚ ਲਗਭਗ 93,202 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।
ਟੀਕਾਕਰਣ ਦਾ ਅੰਕੜਾ 92 ਕਰੋੜ ਤੋਂ ਪਾਰ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ 'ਚ ਟੀਕਿਆਂ ਦੀ ਗਿਣਤੀ 92 ਕਰੋੜ ਨੂੰ ਪਾਰ ਕਰ ਗਈ ਹੈ। ਬੀਤੇ ਦਿਨੀਂ ਕੋਰੋਨਾ ਵਾਇਰਸ ਟੀਕੇ ਦੀਆਂ 59 ਲੱਖ 48 ਹਜ਼ਾਰ 360 ਖੁਰਾਕਾਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ ਵੱਧ ਕੇ 92 ਕਰੋੜ 17 ਲੱਖ 65 ਹਜ਼ਾਰ 405 ਹੋ ਗਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਬੀਤੇ ਦਿਨੀਂ ਭਾਰਤ 'ਚ ਕੋਰੋਨਾ ਵਾਇਰਸ ਦੇ 14 ਲੱਖ 09 ਹਜ਼ਾਰ 825 ਸੈਂਪਲ ਟੈਸਟ ਕੀਤੇ ਗਏ ਸਨ, ਜਿਸ ਤੋਂ ਬਾਅਦ ਬੀਤੇ ਦਿਨ ਤਕ ਕੁੱਲ 57 ਕਰੋੜ 68 ਲੱਖ 03 ਹਜ਼ਾਰ 867 ਨਮੂਨੇ ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ 'ਚ ਲਖੀਮਪੁਰ ਖੀਰੀ ਮਾਮਲੇ 'ਤੇ ਚਰਚਾ, ਕੇਂਦਰ ਸਰਕਾਰ ਨੂੰ ਦੇਰ ਨਾ ਕਰਨ ਅਪੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/